ਉਤਕਲ ਕੇਸ਼ਰੀ ਡਾ. ਹਰਿਕ੍ਰਿਸ਼ਨ ਮਹਿਤਾਬ ਦੇ 125ਵੇਂ ਜਨਮ ਦਿਵਸ ਸਮਾਰੋਹ ਦਾ ਉਦਘਾਟਨ ਭਲਕੇ ਸਵੇਰੇ 11.30 ਵਜੇ ਵਿਗਿਆਨ ਭਵਨ ਵਿਖੇ ਹੋਵੇਗਾ। ਇਸ ਮੌਕੇ ਭਾਰਤ ਦੇ ਰਾਸ਼ਟਰਪਤੀ ਸ਼੍ਰੀਮਤੀ ਦ੍ਰੌਪਦੀ ਮੁਰਮੂ ਮੁੱਖ ਮਹਿਮਾਨ ਹੋਣਗੇ। ਇਸ ਸਮਾਗਮ ਦੌਰਾਨ ਸਿੱਖਿਆ ਮੰਤਰੀ ਸ਼੍ਰੀ ਧਰਮੇਂਦਰ ਪ੍ਰਧਾਨ, ਸੱਭਿਆਚਾਰ ਅਤੇ ਸੈਰ-ਸਪਾਟਾ ਮੰਤਰੀ ਸ਼੍ਰੀ ਗਜੇਂਦਰ ਸਿੰਘ ਸ਼ੇਖਾਵਤ ਅਤੇ ਓਡੀਸ਼ਾ ਦੇ ਮੁੱਖ ਮੰਤਰੀ ਸ਼੍ਰੀ ਮੋਹਨ ਚਰਨ ਮਾਝੀ ਵੀ ਮੌਜੂਦ ਰਹਿਣਗੇ।
ਕਟਕ ਤੋਂ ਸੰਸਦ ਮੈਂਬਰ ਅਤੇ ਡਾ. ਹਰਿਕ੍ਰਿਸ਼ਨ ਮਹਿਤਾਬ ਦੇ ਪੁੱਤਰ ਸ਼੍ਰੀ ਭਰਤਰੁਹਰੀ ਮਹਿਤਾਬ ਵੀ ਓਡੀਸ਼ਾ ਦੇ ਸ਼ੇਰ ਦੇ ਪ੍ਰਭਾਵ ਅਤੇ ਵਿਰਾਸਤ ਦਾ ਸਨਮਾਨ ਕਰਨ ਵਾਲੇ ਪ੍ਰੋਗਰਾਮ ਦਾ ਹਿੱਸਾ ਹੋਣਗੇ।
ਡਾ. ਹਰਿਕ੍ਰਿਸ਼ਨ ਮਹਿਤਾਬ ਦੇ ਸਨਮਾਨ ਵਿੱਚ, ਸਮਾਗਮ ਵਿੱਚ ਇੱਕ ਵਿਸ਼ੇਸ਼ ਯਾਦਗਾਰੀ ਟਿਕਟ ਅਤੇ ਸਿੱਕਾ ਜਾਰੀ ਕੀਤਾ ਜਾਵੇਗਾ। ਸੱਭਿਆਚਾਰਕ ਮੰਤਰਾਲੇ ਦੇ ਅਧੀਨ ਖੁਦਮੁਖਤਿਆਰ ਸੰਸਥਾ ਸਾਹਿਤ ਅਕਾਦਮੀ ਨੇ ਕੱਲ੍ਹ ਦੇ ਪ੍ਰੋਗਰਾਮ ਦੌਰਾਨ ਜਾਰੀ ਕਰਨ ਲਈ ਉੜੀਆ ਵਿੱਚ ਇੱਕ ਮੋਨੋਗ੍ਰਾਫ, ਗਾਨ ਮਜਲਿਸ ਦਾ ਅੰਗਰੇਜ਼ੀ ਅਨੁਵਾਦ ਅਤੇ ਗਾਓਂ ਮਜਲਿਸ ਦਾ ਹਿੰਦੀ ਅਨੁਵਾਦ ਤਿਆਰ ਕੀਤਾ ਹੈ।
ਇਸ ਤੋਂ ਇਲਾਵਾ, ਸੱਭਿਆਚਾਰਕ ਮੰਤਰਾਲੇ ਵਲੋਂ ਉਨ੍ਹਾਂ ਦੇ ਜੀਵਨ ਅਤੇ ਵਿਰਾਸਤ ‘ਤੇ ਇੱਕ ਪ੍ਰਦਰਸ਼ਨੀ ਲਗਾਈ ਗਈ ਹੈ। ਇਸ ਪ੍ਰਦਰਸ਼ਨੀ ਵਿੱਚ ਉੜੀਆ ਕਲਾਕਾਰਾਂ ਦੀਆਂ ਰਚਨਾਵਾਂ ਨੂੰ ਵੀ ਪ੍ਰਦਰਸ਼ਿਤ ਕੀਤਾ ਜਾਵੇਗਾ, ਜੋ ਪਿਛਲੇ ਕੁਝ ਦਿਨਾਂ ਤੋਂ ਦਿੱਲੀ ਵਿੱਚ ਹਨ, ਜੋ ਕਿ ਸੱਭਿਆਚਾਰਕ ਮੰਤਰਾਲੇ ਦੇ ਅਧੀਨ ਖੁਦਮੁਖਤਿਆਰ ਸੰਸਥਾ ਲਲਿਤ ਕਲਾ ਅਕਾਦਮੀ ਵਲੋਂ ਆਯੋਜਿਤ ਰਾਸ਼ਟਰੀ ਚਿੱਤਰਕਾਰੀ ਕੈਂਪ ਵਿੱਚ ਹਿੱਸਾ ਲੈ ਰਹੇ ਹਨ।
ਸ਼੍ਰੀਮਤੀ ਸੁਸਮਿਤਾ ਦਾਸ ਓਡੀਸ਼ਾ ਦੇ ਸਮ੍ਰਿੱਧ ਇਤਿਹਾਸ ਅਤੇ ਸੱਭਿਆਚਾਰ ਦੇ ਸਨਮਾਨ ਵਿੱਚ ਇੱਕ ਸੰਗੀਤਕ ਪ੍ਰੋਗਰਾਮ ਪੇਸ਼ ਕਰਨਗੇ।
ਡਾ: ਹਰਿਕ੍ਰਿਸ਼ਨ ਮਹਿਤਾਬ, ਜਿਨ੍ਹਾਂ ਨੂੰ “ਉਤਕਲ ਕੇਸ਼ਰੀ” ਵੀ ਕਿਹਾ ਜਾਂਦਾ ਹੈ, ਦਾ ਜਨਮ 21 ਨਵੰਬਰ 1899 ਨੂੰ ਅਗਰਪਾੜਾ, ਓਡੀਸ਼ਾ ਵਿੱਚ ਹੋਇਆ ਸੀ। ਉਹ ਭਾਰਤੀ ਇਤਿਹਾਸ ਵਿੱਚ ਇੱਕ ਬਹੁਪੱਖੀ ਨੇਤਾ ਸੀ, ਜਿਨ੍ਹਾਂ ਨੂੰ ਇੱਕ ਸੁਤੰਤਰਤਾ ਸੈਨਾਨੀ, ਸਿਆਸਤਦਾਨ, ਇਤਿਹਾਸਕਾਰ, ਲੇਖਕ, ਸਮਾਜ ਸੁਧਾਰਕ ਅਤੇ ਪੱਤਰਕਾਰ ਵਜੋਂ ਜਾਣਿਆ ਜਾਂਦਾ ਹੈ। ਉਹ ਸਵਾਮੀ ਵਿਵੇਕਾਨੰਦ, ਰਾਮਕ੍ਰਿਸ਼ਨ ਪਰਮਹੰਸ ਅਤੇ ਮਹਾਤਮਾ ਗਾਂਧੀ ਵਰਗੀਆਂ ਸ਼ਖਸੀਅਤਾਂ ਤੋਂ ਬਹੁਤ ਪ੍ਰਭਾਵਿਤ ਸਨ। ਉਨ੍ਹਾਂ ਦਾ ਰਾਜਨੀਤਿਕ ਸਫ਼ਰ ਉਨ੍ਹਾਂ ਦੇ ਕਾਲਜ ਦੇ ਸਾਲਾਂ ਦੌਰਾਨ ਸ਼ੁਰੂ ਹੋਇਆ, ਜਦੋਂ ਉਹ ਸੁਤੰਤਰਤਾ ਅੰਦੋਲਨ ਵਿੱਚ ਸ਼ਾਮਲ ਹੋਏ, ਨਾ ਮਿਲਵਰਤਨ ਅੰਦੋਲਨ, ਨਮਕ ਸੱਤਿਆਗ੍ਰਹਿ ਆਦਿ ਵਰਗੀਆਂ ਘਟਨਾਵਾਂ ਵਿੱਚ ਸਰਗਰਮੀ ਨਾਲ ਹਿੱਸਾ ਲਿਆ। ਉਨ੍ਹਾਂ ਨੂੰ ਆਪਣੀ ਸਰਗਰਮੀ ਲਈ ਕਈ ਵਾਰ ਗਿਰਫਤਾਰ ਕੀਤਾ ਗਿਆ ਸੀ ਅਤੇ ਓਡੀਸ਼ਾ ਦੇ ਭਾਰਤੀ ਸੰਘ ਵਿੱਚ ਏਕੀਕਰਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਸੀ।
ਡਾ. ਹਰਿਕ੍ਰਿਸ਼ਨ ਮਹਿਤਾਬ ਰਿਆਸਤ ਦੇ ਆਖ਼ਰੀ ਪ੍ਰਧਾਨ ਮੰਤਰੀ ਸਨ। ਬਾਅਦ ਵਿੱਚ ਆਜ਼ਾਦ ਭਾਰਤ ਵਿੱਚ ਮੁੱਖ ਮੰਤਰੀ ਵਜੋਂ, ਉਨ੍ਹਾਂ ਨੇ ਓਡੀਸ਼ਾ ਦੇ ਉਦਯੋਗੀਕਰਣ ‘ਤੇ ਧਿਆਨ ਕੇਂਦ੍ਰਿਤ ਕੀਤਾ ਅਤੇ ਰਾਜ ਦੇ ਆਰਥਿਕ ਵਿਕਾਸ ਦੀ ਵਕਾਲਤ ਕੀਤੀ। ਡਾ. ਹਰਿਕ੍ਰਿਸ਼ਨ ਮਹਿਤਾਬ ਇੱਕ ਮਹੱਤਵਪੂਰਨ ਸਾਹਿਤਕ ਹਸਤੀ ਵੀ ਸਨ, ਜਿਨ੍ਹਾਂ ਨੇ ਉੜੀਆ ਅਤੇ ਅੰਗਰੇਜ਼ੀ ਦੋਵਾਂ ਵਿੱਚ ਵਿਆਪਕ ਤੌਰ ‘ਤੇ ਲਿਖਿਆ ਅਤੇ ਇਤਿਹਾਸਕ ਲੇਖ ‘ਉੜੀਸਾ ਦਾ ਇਤਿਹਾਸ’ ਸਮੇਤ ਆਪਣੇ ਕੰਮ ਲਈ ਪ੍ਰਸ਼ੰਸਾ ਪ੍ਰਾਪਤ ਕੀਤੀ ਅਤੇ ‘ਗਾਓਂ ਮਜਲਿਸ’ ਲਈ 1983 ਵਿੱਚ ਸਾਹਿਤ ਅਕਾਦਮੀ ਪੁਰਸਕਾਰ ਜਿੱਤਿਆ। ਉਨ੍ਹਾਂ ਨੇ ਕੇਂਦਰੀ ਵਣਜ ਅਤੇ ਉਦਯੋਗ ਮੰਤਰੀ ਵਜੋਂ ਵੀ ਸੇਵਾ ਨਿਭਾਈ ਅਤੇ 1962 ਵਿੱਚ ਲੋਕ ਸਭਾ ਲਈ ਨਿਰਵਿਰੋਧ ਚੁਣੇ ਗਏ।
ਡਾ. ਹਰਿਕ੍ਰਿਸ਼ਨ ਮਹਿਤਾਬ ਨੂੰ ਉਨ੍ਹਾਂ ਦੀ ਮਜ਼ਬੂਤ ਇੱਛਾ ਸ਼ਕਤੀ, ਦ੍ਰਿੜ ਇਰਾਦੇ ਅਤੇ ਪ੍ਰਭਾਵ ਲਈ ਯਾਦ ਕੀਤਾ ਜਾਂਦਾ ਹੈ, ਜਿਨ੍ਹਾਂ ਨੇ ਰਾਜ ਦੇ ਪ੍ਰਮੁੱਖ ਨੇਤਾਵਾਂ ਵਿੱਚੋਂ ਇੱਕ ਵਜੋਂ ਮਾਨਤਾ ਪ੍ਰਾਪਤ ਕੀਤੀ।