ਕੇਂਦਰੀ ਮਕਾਨ ਉਸਾਰੀ ਅਤੇ ਸ਼ਹਿਰੀ ਮਾਮਲੇ ਰਾਜ ਮੰਤਰੀ ਤੋਖਨ ਸਾਹੂ ਨੇ ਦੇਸ਼ ਦੇ ਸਭ ਤੋਂ ਪਛੜੇ ਜ਼ਿਲ੍ਹਿਆਂ ਦੀ ਦਿੱਖ ਬਦਲਣ ਦੇ ਮੰਤਵ ਨਾਲ ਇੱਕ ਸਰਕਾਰੀ ਪਹਿਲਕਦਮੀ, ਅਭਿਲਾਸ਼ੀ ਜ਼ਿਲ੍ਹਾ ਪ੍ਰੋਗਰਾਮ ਦੇ ਹਿੱਸੇ ਵਜੋਂ 20 ਨਵੰਬਰ, 2024 ਨੂੰ ਪੰਜਾਬ ਦੇ ਫਿਰੋਜ਼ਪੁਰ ਅਤੇ ਮੋਗਾ ਜ਼ਿਲ੍ਹਿਆਂ ਦਾ ਦੌਰਾ ਕੀਤਾ।
ਦਿਨ ਦੌਰਾਨ ਫਿਰੋਜ਼ਪੁਰ ਵਿੱਚ ਇੱਕ ਜਾਇਜ਼ਾ ਬੈਠਕ ਕੀਤੀ ਗਈ, ਜਿੱਥੇ ਜ਼ਿਲ੍ਹਾ ਅਧਿਕਾਰੀਆਂ ਨੇ ਸਿਹਤ ਅਤੇ ਪੋਸ਼ਣ, ਸਿੱਖਿਆ, ਖੇਤੀਬਾੜੀ ਅਤੇ ਜਲ ਸੰਭਾਲ, ਵਿੱਤੀ ਸਮਾਵੇਸ਼ ਅਤੇ ਬੁਨਿਆਦੀ ਢਾਂਚੇ ਦੇ ਵਿਕਾਸ ਵਰਗੇ ਮੁੱਖ ਮੁੱਦਿਆਂ ਬਾਰੇ ਮੰਤਰੀ ਨੂੰ ਜਾਣੂ ਕਰਵਾਇਆ। ਮੰਤਰੀ ਨੇ ਇਹ ਯਕੀਨੀ ਬਣਾਉਣ ਦੀ ਮਹੱਤਤਾ ‘ਤੇ ਜ਼ੋਰ ਦਿੱਤਾ ਕਿ ਕੇਂਦਰ ਸਰਕਾਰ ਦੀਆਂ ਸਾਰੀਆਂ ਯੋਜਨਾਵਾਂ ਦਾ 100% ਯੋਗ ਵਿਅਕਤੀਆਂ ਨੂੰ ਲਾਭ ਮਿਲੇਗਾ।
ਫਿਰੋਜ਼ਪੁਰ ਵਿੱਚ ਮੰਤਰੀ ਨੇ ਇੱਕ ਨਿਰਮਾਣ ਅਧੀਨ ਪ੍ਰਾਇਮਰੀ ਹੈਲਥ ਸੈਂਟਰ ਦਾ ਵੀ ਨਿਰੀਖਣ ਕੀਤਾ ਅਤੇ ਪ੍ਰਧਾਨ ਮੰਤਰੀ ਆਵਾਸ ਯੋਜਨਾ – ਸ਼ਹਿਰੀ ਦੇ ਲਾਭਪਾਤਰੀਆਂ ਨਾਲ ਗੱਲਬਾਤ ਕੀਤੀ। ਮੰਤਰੀ ਨੇ 200 ਬਿਸਤਰਿਆਂ ਵਾਲੀ ਪੀਜੀਆਈ ਸਹੂਲਤ ਦੇ ਰਿਮੋਟ ਕੈਂਪਸ ਦੀ ਜਗ੍ਹਾ ਦਾ ਵੀ ਮੁਆਇਨਾ ਕੀਤਾ, ਜਿਸ ਨਾਲ ਪੰਜਾਬ ਦੇ ਸਰਹੱਦੀ ਜ਼ਿਲ੍ਹਿਆਂ ਵਿੱਚ ਸਿਹਤ ਸੇਵਾਵਾਂ ਵਿੱਚ ਮਹੱਤਵਪੂਰਨ ਵਾਧਾ ਹੋਵੇਗਾ।
ਮੋਗਾ ਫੇਰੀ ਦੌਰਾਨ ਮੰਤਰੀ ਨੇ ਵਿਕਾਸ ਕਮਿਸ਼ਨਰ, ਮੋਗਾ ਦੇ ਦਫ਼ਤਰ ਵਿਖੇ ਬੈਠਕ ਕੀਤੀ ਅਤੇ ਅਭਿਲਾਸ਼ੀ ਜ਼ਿਲ੍ਹਾ ਪ੍ਰੋਗਰਾਮ ਦੀ ਪ੍ਰਗਤੀ ਦਾ ਜਾਇਜ਼ਾ ਲਿਆ।
ਮੰਤਰੀ ਨੇ ਭਾਰਤ-ਪਾਕਿਸਤਾਨ ਸਰਹੱਦ ‘ਤੇ ਸਤਲੁਜ ਦਰਿਆ ਦੇ ਕੰਢੇ ਸਥਿਤ ਹੁਸੈਨੀਵਾਲਾ ਸਰਹੱਦ ਦਾ ਵੀ ਦੌਰਾ ਕੀਤਾ ਅਤੇ ਦੇਸ਼ ਦੀ ਆਜ਼ਾਦੀ ਲਈ ਸ਼ਹੀਦ ਭਗਤ ਸਿੰਘ, ਸੁਖਦੇਵ ਅਤੇ ਰਾਜਗੁਰੂ ਨੂੰ ਯਾਦ ਕਰਦਿਆਂ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਉਨ੍ਹਾਂ ਭਗਤ ਸਿੰਘ ਦੀ ਮਾਤਾ ਦੇ ਸਮਾਧੀ ਸਥਲ ‘ਤੇ ਵੀ ਸ਼ਰਧਾਂਜਲੀ ਭੇਟ ਕੀਤੀ। ਇਸ ਉਪਰੰਤ ਉਹ ਹੁਸੈਨੀਵਾਲਾ ਸਰਹੱਦ ‘ਤੇ ਬੀਟਿੰਗ ਰੀਟਰੀਟ ਸਮਾਰੋਹ ਸਥਾਨ ਵੱਲ ਰਵਾਨਾ ਹੋਏ।
ਮੰਤਰੀ ਨੇ ਬੀਐੱਸਐੱਫ ਅਜਾਇਬ ਘਰ ਦਾ ਵੀ ਦੌਰਾ ਕੀਤਾ, ਜਿਸ ਵਿੱਚ ਇਤਿਹਾਸਕ ਕਲਾਵਾਂ ਜਿਵੇਂ ਕਿ ਭਗਤ ਸਿੰਘ ਵੱਲੋਂ ਜਲ੍ਹਿਆਂਵਾਲਾ ਬਾਗ ਕਤਲੇਆਮ ਦਾ ਬਦਲਾ ਲੈਣ ਲਈ ਬਰਤਾਨਵੀ ਅਫ਼ਸਰ ਜੌਹਨ ਸਾਂਡਰਸ ਦੀ ਹੱਤਿਆ ਕਰਨ ਲਈ ਵਰਤੀ ਗਈ ਪਿਸਤੌਲ ਮੌਜੂਦ ਹੈ। ਇਹ ਅਜਾਇਬ ਘਰ ਆਜ਼ਾਦੀ ਤੋਂ ਲੈ ਕੇ ਅੱਜ ਤੱਕ ਭਾਰਤੀ ਫੌਜੀਆਂ ਵੱਲੋਂ ਵਰਤੇ ਗਏ ਹਥਿਆਰਾਂ ਦੇ ਨਾਲ-ਨਾਲ ਉਨ੍ਹਾਂ ਦੀ ਕੈਦ ਦੌਰਾਨ ਸ਼ਹੀਦਾਂ ਦੀਆਂ ਹੱਥ ਲਿਖਤ ਚਿੱਠੀਆਂ ਨੂੰ ਵੀ ਪ੍ਰਦਰਸ਼ਿਤ ਕਰਦਾ ਹੈ।
ਇਸ ਦੌਰੇ ਦਾ ਮੰਤਵ ਫਿਰੋਜ਼ਪੁਰ ਅਤੇ ਮੋਗਾ ਜ਼ਿਲ੍ਹਿਆਂ ਵਿੱਚ ਵਿਕਾਸ ਦੀ ਪ੍ਰਗਤੀ ਦਾ ਮੁਲਾਂਕਣ ਕਰਨਾ ਸੀ, ਜਿਸ ਵਿੱਚ ਬੁਨਿਆਦੀ ਢਾਂਚੇ, ਸਿਹਤ ਸੰਭਾਲ ਨੂੰ ਵਧਾਉਣ ਅਤੇ ਸਾਰੇ ਯੋਗ ਨਾਗਰਿਕਾਂ ਨੂੰ ਸਰਕਾਰੀ ਲਾਭਾਂ ਦੀ ਬਰਾਬਰ ਵੰਡ ਨੂੰ ਯਕੀਨੀ ਬਣਾਉਣ ‘ਤੇ ਧਿਆਨ ਕੇਂਦਰਿਤ ਕੀਤਾ ਗਿਆ ਸੀ।