ਮੇਰੇ ਪਿਆਰੇ ਦੇਸ਼ਵਾਸੀਓ ਨਮਸਕਾਰ।
‘ਮਨ ਕੀ ਬਾਤ’ ਯਾਨੀ ਦੇਸ਼ ਦੇ ਸਮੂਹਿਕ ਯਤਨਾਂ ਦੀ ਗੱਲ, ਦੇਸ਼ ਦੀਆਂ ਉਪਲਬਧੀਆਂ ਦੀ ਗੱਲ, ਜਨ-ਜਨ ਦੀ ਸਮਰੱਥਾ ਦੀ ਗੱਲ, ‘ਮਨ ਕੀ ਬਾਤ’ ਯਾਨੀ ਦੇਸ਼ ਦੇ ਨੌਜਵਾਨ ਸੁਪਨਿਆਂ, ਦੇਸ਼ ਦੇ ਨਾਗਰਿਕਾਂ ਦੀਆਂ ਅਭਿਲਾਸ਼ਾਵਾਂ ਦੀ ਗੱਲ। ਮੈਂ ਪੂਰੇ ਮਹੀਨੇ ‘ਮਨ ਕੀ ਬਾਤ’ ਦਾ ਇੰਤਜ਼ਾਰ ਕਰਦਾ ਰਹਿੰਦਾ ਹਾਂ ਤਾਂ ਕਿ ਤੁਹਾਡੇ ਨਾਲ ਸਿੱਧਾ ਸੰਵਾਦ ਕਰ ਸਕਾਂ। ਕਿੰਨੇ ਹੀ ਸੁਨੇਹੇ, ਕਿੰਨੇ ਹੀ ਮੈਸੇਜ। ਮੇਰਾ ਪੂਰਾ ਯਤਨ ਰਹਿੰਦਾ ਹੈ ਕਿ ਜ਼ਿਆਦਾ ਤੋਂ ਜ਼ਿਆਦਾ ਸੁਨੇਹਿਆਂ ਨੂੰ ਪੜ੍ਹਾਂ, ਤੁਹਾਡੇ ਸੁਝਾਵਾਂ ’ਤੇ ਵਿਚਾਰ ਕਰਾਂ।
ਸਾਥੀਓ, ਅੱਜ ਬੜਾ ਹੀ ਖਾਸ ਦਿਨ ਹੈ – ਅੱਜ ਐੱਨ. ਸੀ. ਸੀ. ਦਿਵਸ ਹੈ। ਐੱਨ. ਸੀ. ਸੀ. ਦਾ ਨਾਮ ਸਾਹਮਣੇ ਆਉਂਦਿਆਂ ਹੀ ਸਾਨੂੰ ਸਕੂਲ-ਕਾਲਜ ਦੇ ਦਿਨ ਯਾਦ ਆ ਜਾਂਦੇ ਹਨ। ਮੈਂ ਖੁਦ ਵੀ ਐੱਨ. ਸੀ. ਸੀ. ਕੈਡਿਟ ਰਿਹਾ ਹਾਂ, ਇਸ ਲਈ ਪੂਰੇ ਵਿਸ਼ਵਾਸ ਦੇ ਨਾਲ ਕਹਿ ਸਕਦਾ ਹਾਂ ਕਿ ਇਸ ਤੋਂ ਮਿਲਿਆ ਅਨੁਭਵ ਮੇਰੇ ਲਈ ਅਨਮੋਲ ਹੈ। ਐੱਨ. ਸੀ. ਸੀ. ਨੌਜਵਾਨਾਂ ਵਿੱਚ ਅਨੁਸ਼ਾਸਨ, ਪ੍ਰਤੀਨਿਧਤਾ ਅਤੇ ਸੇਵਾ ਦੀ ਭਾਵਨਾ ਪੈਦਾ ਕਰਦੀ ਹੈ। ਤੁਸੀਂ ਆਪਣੇ ਆਸ-ਪਾਸ ਦੇਖਿਆ ਹੋਵੇਗਾ, ਜਦੋਂ ਵੀ ਕਿਧਰੇ ਕੋਈ ਆਪਦਾ ਹੁੰਦੀ ਹੈ, ਚਾਹੇ ਹੜ੍ਹ ਦੀ ਸਥਿਤੀ ਹੋਵੇ, ਕਿਧਰੇ ਭੂਚਾਲ ਆਇਆ ਹੋਵੇ, ਕੋਈ ਹਾਦਸਾ ਹੋਇਆ ਹੋਵੇ, ਉੱਥੇ ਮਦਦ ਕਰਨ ਵਾਸਤੇ ਐੱਨ. ਸੀ. ਸੀ. ਦੇ ਕੈਡਿਟ ਜ਼ਰੂਰ ਮੌਜੂਦ ਹੋ ਜਾਂਦੇ ਹਨ। ਅੱਜ ਦੇਸ਼ ਵਿੱਚ ਐੱਨ. ਸੀ. ਸੀ. ਨੂੰ ਮਜ਼ਬੂਤ ਕਰਨ ਦੇ ਲਈ ਲਗਾਤਾਰ ਕੰਮ ਹੋ ਰਿਹਾ ਹੈ। 2014 ਵਿੱਚ ਕਰੀਬ 14 ਲੱਖ ਨੌਜਵਾਨ ਐੱਨ. ਸੀ. ਸੀ. ਨਾਲ ਜੁੜੇ ਸਨ, ਅੱਜ 2024 ਵਿੱਚ 20 ਲੱਖ ਤੋਂ ਜ਼ਿਆਦਾ ਨੌਜਵਾਨ ਐੱਨ. ਸੀ. ਸੀ. ਨਾਲ ਜੁੜੇ ਹਨ। ਪਹਿਲਾਂ ਦੇ ਮੁਕਾਬਲੇ 5,000 ਹੋਰ ਨਵੇਂ ਸਕੂਲ-ਕਾਲਜਾਂ ਵਿੱਚ ਹੁਣ ਐੱਨ. ਸੀ. ਸੀ. ਦੀ ਸੁਵਿਧਾ ਹੋ ਗਈ ਹੈ ਅਤੇ ਸਭ ਤੋਂ ਵੱਡੀ ਗੱਲ ਪਹਿਲਾਂ ਐੱਨ. ਸੀ. ਸੀ. ਵਿੱਚ ਗਰਲਸ ਕੈਡਿਟ ਦੀ ਗਿਣਤੀ ਤਕਰੀਬਨ 25 ਪ੍ਰਤੀਸ਼ਤ ਦੇ ਆਸ-ਪਾਸ ਹੀ ਹੁੰਦੀ ਸੀ, ਹੁਣ ਐੱਨ. ਸੀ. ਸੀ. ਵਿੱਚ ਗਰਲਸ ਕੈਡਿਟ ਦੀ ਗਿਣਤੀ ਲਗਭਗ 40 ਪ੍ਰਤੀਸ਼ਤ ਹੋ ਗਈ ਹੈ। ਬੌਰਡਰ ਦੇ ਨੇੜੇ ਰਹਿਣ ਵਾਲੇ ਨੌਜਵਾਨਾਂ ਨੂੰ ਜ਼ਿਆਦਾ ਤੋਂ ਜ਼ਿਆਦਾ ਐੱਨ. ਸੀ. ਸੀ. ਨਾਲ ਜੋੜਨ ਦਾ ਅਭਿਯਾਨ ਵੀ ਲਗਾਤਾਰ ਜਾਰੀ ਹੈ। ਮੈਂ ਨੌਜਵਾਨਾਂ ਨੂੰ ਬੇਨਤੀ ਕਰਾਂਗਾ ਕਿ ਜ਼ਿਆਦਾ ਤੋਂ ਜ਼ਿਆਦਾ ਸੰਖਿਆ ਵਿੱਚ ਐੱਨ. ਸੀ. ਸੀ. ਨਾਲ ਜੁੜਨ। ਤੁਸੀਂ ਵੇਖਿਓ, ਤੁਸੀਂ ਕਿਸੇ ਵੀ ਕਰੀਅਰ ਵਿੱਚ ਜਾਓਗੇ, ਐੱਨ. ਸੀ. ਸੀ. ਨਾਲ ਤੁਹਾਡੀ ਸ਼ਖਸੀਅਤ ਦੇ ਨਿਰਮਾਣ ਵਿੱਚ ਬਹੁਤ ਮਦਦ ਮਿਲੇਗੀ।
ਸਾਥੀਓ, ਵਿਕਸਿਤ ਭਾਰਤ ਦੇ ਨਿਰਮਾਣ ਵਿੱਚ ਨੌਜਵਾਨਾਂ ਦਾ ਰੋਲ ਬਹੁਤ ਵੱਡਾ ਹੈ। ਨੌਜਵਾਨ ਮਨ ਜਦੋਂ ਇਕਜੁੱਟ ਹੋ ਕੇ ਦੇਸ਼ ਦੀ ਅੱਗੇ ਦੀ ਯਾਤਰਾ ਦੇ ਲਈ ਮੰਥਨ ਕਰਦਾ ਹੈ, ਵਿਚਾਰ ਕਰਦਾ ਹੈ ਤਾਂ ਨਿਸ਼ਚਿਤ ਤੌਰ ‘ਤੇ ਇਸ ਦੇ ਠੋਸ ਰਸਤੇ ਨਿਕਲਦੇ ਹਨ। ਤੁਸੀਂ ਜਾਣਦੇ ਹੋ ਕਿ 12 ਜਨਵਰੀ ਨੂੰ ਸਵਾਮੀ ਵਿਵੇਕਾਨੰਦ ਜੀ ਦੀ ਜਯੰਤੀ ’ਤੇ ਦੇਸ਼ ‘ਯੁਵਾ ਦਿਵਸ’ ਮਨਾਉਂਦਾ ਹੈ। ਅਗਲੇ ਸਾਲ ਸਵਾਮੀ ਵਿਵੇਕਾਨੰਦ ਜੀ ਦੀ 162ਵੀਂ ਜਯੰਤੀ ਹੈ। ਇਸ ਵਾਰ ਇਸ ਨੂੰ ਬਹੁਤ ਖਾਸ ਤਰੀਕੇ ਨਾਲ ਮਨਾਇਆ ਜਾਵੇਗਾ। ਇਸ ਮੌਕੇ ’ਤੇ 11-12 ਜਨਵਰੀ ਨੂੰ ਦਿੱਲੀ ਦੇ ਭਾਰਤ ਮੰਡਪਮ ਵਿੱਚ ਨੌਜਵਾਨ ਵਿਚਾਰਾਂ ਦਾ ਮਹਾਕੁੰਭ ਹੋਣ ਜਾ ਰਿਹਾ ਹੈ ਅਤੇ ਇਸ ਪਹਿਲ ਦਾ ਨਾਮ ਹੈ ‘ਵਿਕਸਿਤ ਭਾਰਤ ਯੰਗ ਲੀਡਰਸ ਡਾਇਲੌਗ’। ਸਮੁੱਚੇ ਭਾਰਤ ਤੋਂ ਕਰੋੜਾਂ ਨੌਜਵਾਨ ਇਸ ਵਿੱਚ ਭਾਗ ਲੈਣਗੇ। ਪਿੰਡ, ਬਲਾਕ, ਜ਼ਿਲ੍ਹੇ, ਰਾਜ ਅਤੇ ਉੱਥੋਂ ਦੇ ਚੁਣੇ ਹੋਏ ਅਜਿਹੇ 2000 ਨੌਜਵਾਨ ਭਾਰਤ ਮੰਡਪਮ ਵਿੱਚ ‘ਵਿਕਸਿਤ ਭਾਰਤ ਯੰਗ ਲੀਡਰਸ ਡਾਇਲੌਗ’ ਦੇ ਲਈ ਜੁੜਨਗੇ। ਤੁਹਾਨੂੰ ਯਾਦ ਹੋਵੇਗਾ ਕਿ ਮੈਂ ਲਾਲ ਕਿਲ੍ਹੇ ਦੀ ਫਸੀਲ ਤੋਂ ਅਜਿਹੇ ਨੌਜਵਾਨਾਂ ਨੂੰ ਰਾਜਨੀਤੀ ਵਿੱਚ ਆਉਣ ਦਾ ਸੱਦਾ ਦਿੱਤਾ ਹੈ, ਜਿਨ੍ਹਾਂ ਦੇ ਪਰਿਵਾਰ ਦਾ ਕੋਈ ਵੀ ਵਿਅਕਤੀ ਅਤੇ ਪੂਰੇ ਪਰਿਵਾਰ ਦਾ ਰਾਜਨੀਤਿਕ ਪਿਛੋਕੜ ਨਹੀਂ ਹੈ। ਅਜਿਹੇ ਇਕ ਲੱਖ ਨੌਜਵਾਨਾਂ ਨੂੰ, ਨਵੇਂ ਨੌਜਵਾਨਾਂ ਨੂੰ ਰਾਜਨੀਤੀ ਨਾਲ ਜੋੜਨ ਲਈ ਦੇਸ਼ ਵਿੱਚ ਕਈ ਤਰ੍ਹਾਂ ਦੇ ਵਿਸ਼ੇਸ਼ ਅਭਿਆਨ ਚੱਲਣਗੇ। ‘ਵਿਕਸਿਤ ਭਾਰਤ ਯੰਗ ਲੀਡਰਸ ਡਾਇਲੌਗ’ ਵੀ ਇਕ ਅਜਿਹਾ ਹੀ ਯਤਨ ਹੈ, ਜਿਸ ਵਿੱਚ ਦੇਸ਼ਾਂ-ਵਿਦੇਸ਼ਾਂ ਤੋਂ ਐਕਸਪਰਟ ਆਉਣਗੇ। ਅਨੇਕਾਂ ਰਾਸ਼ਟਰੀ ਅਤੇ ਅੰਤਰਰਰਾਸ਼ਟਰੀ ਹਸਤੀਆਂ ਵੀ ਆਉਣਗੀਆਂ। ਮੈਂ ਵੀ ਇਸ ਵਿੱਚ ਜ਼ਿਆਦਾ ਤੋਂ ਜ਼ਿਆਦਾ ਸਮਾਂ ਹਾਜ਼ਰ ਰਹਾਂਗਾ। ਨੌਜਵਾਨਾਂ ਨੂੰ ਸਿੱਧੇ ਸਾਡੇ ਸਾਹਮਣੇ ਆਪਣੇ ਆਈਡੀਆਜ਼ ਨੂੰ ਰੱਖਣ ਦਾ ਮੌਕਾ ਮਿਲੇਗਾ। ਦੇਸ਼ ਇਨ੍ਹਾਂ ਆਈਡੀਆਜ਼ ਨੂੰ ਕਿਸ ਤਰ੍ਹਾਂ ਅੱਗੇ ਲੈ ਕੇ ਜਾ ਸਕਦਾ ਹੈ? ਕਿਸ ਤਰ੍ਹਾਂ ਇਕ ਠੋਸ ਰੋਡ ਮੈਪ ਬਣ ਸਕਦਾ ਹੈ? ਇਸ ਦਾ ਇਕ ਬਲਿਊ ਪ੍ਰਿੰਟ ਤਿਆਰ ਕੀਤਾ ਜਾਵੇਗਾ ਤਾਂ ਤੁਸੀਂ ਵੀ ਤਿਆਰ ਹੋ ਜਾਓ ਜੋ ਭਾਰਤ ਦੇ ਭਵਿੱਖ ਦਾ ਨਿਰਮਾਣ ਕਰਨ ਵਾਲੇ ਹਨ ਜੋ ਦੇਸ਼ ਦੀ ਆਉਣ ਵਾਲੀ ਪੀੜ੍ਹੀ ਹੈ, ਉਨ੍ਹਾਂ ਲਈ ਇਹ ਬਹੁਤ ਵੱਡਾ ਮੌਕਾ ਆ ਰਿਹਾ ਹੈ। ਆਓ, ਮਿਲ ਕੇ ਦੇਸ਼ ਬਣਾਈਏ, ਦੇਸ਼ ਨੂੰ ਵਿਕਸਿਤ ਬਣਾਈਏ।
ਮੇਰੇ ਪਿਆਰੇ ਦੇਸ਼ਵਾਸੀਓ, ‘ਮਨ ਕੀ ਬਾਤ’ ਵਿੱਚ ਅਸੀਂ ਅਕਸਰ ਅਜਿਹੇ ਨੌਜਵਾਨਾਂ ਦੀ ਚਰਚਾ ਕਰਦੇ ਹਾਂ ਜੋ ਨਿਸਵਾਰਥ ਭਾਵ ਨਾਲ ਸਮਾਜ ਦੇ ਲਈ ਕੰਮ ਕਰ ਰਹੇ ਹਨ, ਅਜਿਹੇ ਕਿੰਨੇ ਹੀ ਨੌਜਵਾਨ ਹਨ ਜੋ ਲੋਕਾਂ ਦੀਆਂ ਛੋਟੀਆਂ-ਛੋਟੀਆਂ ਸਮੱਸਿਆਵਾਂ ਦਾ ਹੱਲ ਕੱਢਣ ’ਚ ਜੁਟੇ ਹਨ। ਅਸੀਂ ਆਪਣੇ ਆਸ-ਪਾਸ ਦੇਖੀਏ ਤਾਂ ਕਿੰਨੇ ਹੀ ਲੋਕ ਦਿਖ ਜਾਂਦੇ ਹਨ, ਜਿਨ੍ਹਾਂ ਨੂੰ ਕਿਸੇ ਨਾ ਕਿਸੇ ਤਰ੍ਹਾਂ ਦੀ ਮਦਦ ਚਾਹੀਦੀ ਹੈ, ਕੋਈ ਜਾਣਕਾਰੀ ਚਾਹੀਦੀ ਹੈ। ਮੈਨੂੰ ਇਹ ਜਾਣ ਕੇ ਚੰਗਾ ਲੱਗਾ ਕਿ ਕੁਝ ਨੌਜਵਾਨਾਂ ਨੇ ਸਮੂਹ ਬਣਾ ਕੇ ਇਸ ਤਰ੍ਹਾਂ ਦੀ ਗੱਲ ਨੂੰ ਵੀ ਐਡਰੈਸ ਕੀਤਾ ਹੈ। ਜਿਵੇਂ ਲਖਨਊ ਦੇ ਰਹਿਣ ਵਾਲੇ ਵੀਰੇਂਦਰ ਹਨ। ਉਹ ਬਜ਼ੁਰਗਾਂ ਨੂੰ ਡਿਜੀਟਲ ਲਾਈਫ ਸਰਟੀਫਿਕੇਟ ਦੇ ਕੰਮ ਵਿੱਚ ਮਦਦ ਕਰਦੇ ਹਨ। ਤੁਸੀਂ ਜਾਣਦੇ ਹੋ ਕਿ ਨਿਯਮਾਂ ਦੇ ਮੁਤਾਬਿਕ ਸਾਰੇ ਪੈਨਸ਼ਨਰਾਂ ਨੂੰ ਸਾਲ ਵਿੱਚ ਇਕ ਵਾਰ ਲਾਈਫ ਸਰਟੀਫਿਕੇਟ ਜਮ੍ਹਾਂ ਕਰਵਾਉਣਾ ਹੁੰਦਾ ਹੈ। 2014 ਤੱਕ ਇਸ ਦੀ ਪ੍ਰਕਿਰਿਆ ਇਹ ਸੀ, ਇਸ ਨੂੰ ਬੈਂਕਾਂ ਵਿੱਚ ਜਾ ਕੇ ਬਜ਼ੁਰਗਾਂ ਨੂੰ ਖੁਦ ਜਮ੍ਹਾਂ ਕਰਵਾਉਣਾ ਪੈਂਦਾ ਸੀ। ਤੁਸੀਂ ਕਲਪਨਾ ਕਰ ਸਕਦੇ ਹੋ ਕਿ ਇਸ ਨਾਲ ਸਾਡੇ ਬਜ਼ੁਰਗਾਂ ਨੂੰ ਕਿੰਨੀ ਅਸੁਵਿਧਾ ਹੁੰਦੀ ਸੀ। ਹੁਣ ਇਹ ਵਿਵਸਥਾ ਬਦਲ ਚੁੱਕੀ ਹੈ। ਹੁਣ ਡਿਜੀਟਲ ਲਾਈਫ ਸਰਟੀਫਿਕੇਟ ਦੇਣ ਨਾਲ ਚੀਜ਼ਾਂ ਬਹੁਤ ਹੀ ਸਰਲ ਹੋ ਗਈਆਂ ਹਨ। ਬਜ਼ੁਰਗਾਂ ਨੂੰ ਬੈਂਕ ਨਹੀਂ ਜਾਣਾ ਪੈਂਦਾ, ਬਜ਼ੁਰਗਾਂ ਨੂੰ ਟੈਕਨੋਲੋਜੀ ਦੀ ਵਜ੍ਹਾ ਨਾਲ ਕੋਈ ਦਿੱਕਤ ਨਾ ਆਵੇ, ਇਸ ਵਿੱਚ ਵੀਰੇਂਦਰ ਵਰਗੇ ਨੌਜਵਾਨਾਂ ਦੀ ਵੱਡੀ ਭੂਮਿਕਾ ਹੈ। ਉਹ ਆਪਣੇ ਖੇਤਰ ਦੇ ਬਜ਼ੁਰਗਾਂ ਨੂੰ ਇਸ ਦੇ ਬਾਰੇ ਜਾਗਰੂਕ ਕਰਦੇ ਰਹਿੰਦੇ ਹਨ, ਇੰਨਾ ਹੀ ਨਹੀਂ ਉਹ ਬਜ਼ੁਰਗਾਂ ਨੂੰ “Tech Savvy ਵੀ ਬਣਾ ਰਹੇ ਹਨ। ਅਜਿਹੇ ਹੀ ਯਤਨਾਂ ਨਾਲ ਅੱਜ ਡਿਜੀਟਲ ਲਾਈਫ ਸਰਟੀਫਿਕੇਟ ਲੈਣ ਵਾਲਿਆਂ ਦੀ ਸੰਖਿਆ 80 ਲੱਖ ਦੇ ਅੰਕੜੇ ਨੂੰ ਪਾਰ ਕਰ ਗਈ ਹੈ। ਇਨ੍ਹਾਂ ਵਿੱਚੋਂ 2 ਲੱਖ ਤੋਂ ਜ਼ਿਆਦਾ ਅਜਿਹੇ ਬਜ਼ੁਰਗ ਹਨ, ਜਿਨ੍ਹਾਂ ਦੀ ਉਮਰ 80 ਸਾਲ ਤੋਂ ਵੀ ਵਧ ਹੋ ਗਈ ਹੈ।
ਸਾਥੀਓ, ਕਈ ਸ਼ਹਿਰਾਂ ਵਿੱਚ ਨੌਜਵਾਨ, ਬਜ਼ੁਰਗਾਂ ਨੂੰ ਡਿਜੀਟਲ ਕ੍ਰਾਂਤੀ ਵਿੱਚ ਹਿੱਸੇਦਾਰ ਬਣਾਉਣ ਦੇ ਲਈ ਵੀ ਅੱਗੇ ਆ ਰਹੇ ਹਨ। ਭੂਪਾਲ ਦੇ ਮਹੇਸ਼ ਨੇ ਆਪਣੇ ਮੁਹੱਲੇ ਦੇ ਕਈ ਬਜ਼ੁਰਗਾਂ ਨੂੰ ਮੋਬਾਈਲ ਦੇ ਮਾਧਿਅਮ ਨਾਲ ਪੇਮੈਂਟ ਕਰਨਾ ਸਿਖਾਇਆ ਹੈ। ਇਨ੍ਹਾਂ ਬਜ਼ੁਰਗਾਂ ਦੇ ਕੋਲ ਸਮਾਰਟ ਫੋਨ ਤਾਂ ਸੀ, ਪ੍ਰੰਤੂ ਉਸ ਦਾ ਸਹੀ ਉਪਯੋਗ ਦੱਸਣ ਵਾਲਾ ਕੋਈ ਨਹੀਂ ਸੀ। ਬਜ਼ੁਰਗਾਂ ਨੂੰ ਡਿਜੀਟਲ ਅਰੈਸਟ ਦੇ ਖ਼ਤਰੇ ਤੋਂ ਬਚਾਉਣ ਦੇ ਲਈ ਵੀ ਨੌਜਵਾਨ ਅੱਗੇ ਆਏ ਹਨ। ਅਹਿਮਦਾਬਾਦ ਦੇ ਰਾਜੀਵ ਲੋਕਾਂ ਨੂੰ ਡਿਜੀਟਲ ਅਰੈਸਟ ਦੇ ਖ਼ਤਰੇ ਤੋਂ ਸਾਵਧਾਨ ਕਰਦੇ ਹਨ। ਮੈਂ ‘ਮਨ ਕੀ ਬਾਤ’ ਦੇ ਪਿਛਲੇ ਐਪੀਸੋਡ ਵਿੱਚ ਡਿਜੀਟਲ ਅਰੈਸਟ ਦੀ ਚਰਚਾ ਕੀਤੀ ਸੀ। ਇਸ ਤਰ੍ਹਾਂ ਦੇ ਅਪਰਾਧ ਦੇ ਸਭ ਤੋਂ ਜ਼ਿਆਦਾ ਸ਼ਿਕਾਰ ਬਜ਼ੁਰਗ ਹੀ ਬਣਦੇ ਹਨ। ਅਜਿਹੇ ਵਿੱਚ ਸਾਡੀ ਜ਼ਿੰਮੇਵਾਰੀ ਹੈ ਕਿ ਅਸੀਂ ਉਨ੍ਹਾਂ ਨੂੰ ਜਾਗਰੂਕ ਬਣਾਈਏ ਅਤੇ ਸਾਈਬਰ ਫਰੌਡ ਤੋਂ ਬਚਣ ਵਿੱਚ ਮਦਦ ਕਰੀਏ। ਸਾਨੂੰ ਵਾਰ-ਵਾਰ ਲੋਕਾਂ ਨੂੰ ਸਮਝਾਉਣਾ ਹੋਵੇਗਾ ਕਿ ਡਿਜੀਟਲ ਅਰੈਸਟ ਨਾਮ ਦਾ ਸਰਕਾਰ ਵਿੱਚ ਕੋਈ ਵੀ ਕਾਨੂੰਨ ਨਹੀਂ ਹੈ। ਇਹ ਬਿਲਕੁਲ ਝੂਠ ਹੈ। ਲੋਕਾਂ ਨੂੰ ਫਸਾਉਣ ਦੀ ਇਕ ਸਾਜ਼ਿਸ਼ ਹੈ। ਮੈਨੂੰ ਖੁਸ਼ੀ ਹੈ ਕਿ ਸਾਡੇ ਨੌਜਵਾਨ ਸਾਥੀ ਇਸ ਕੰਮ ਵਿੱਚ ਪੂਰੀ ਸੰਵੇਦਨਸ਼ੀਲਤਾ ਨਾਲ ਹਿੱਸਾ ਲੈ ਰਹੇ ਹਨ ਅਤੇ ਦੂਜਿਆਂ ਨੂੰ ਵੀ ਪ੍ਰੇਰਿਤ ਕਰ ਰਹੇ ਹਨ।
ਮੇਰੇ ਪਿਆਰੇ ਦੇਸ਼ਵਾਸੀਓ, ਅੱਜ-ਕੱਲ੍ਹ ਬੱਚਿਆਂ ਦੀ ਪੜ੍ਹਾਈ ਨੂੰ ਲੈ ਕੇ ਕਈ ਤਰ੍ਹਾਂ ਦੇ ਪ੍ਰਯੋਗ ਹੋ ਰਹੇ ਹਨ, ਕੋਸ਼ਿਸ਼ ਇਹੀ ਹੈ ਕਿ ਸਾਡੇ ਬੱਚਿਆਂ ਵਿੱਚ ਕ੍ਰਿਏਟੀਵਿਟੀ ਹੋਰ ਵਧੇ। ਕਿਤਾਬਾਂ ਦੇ ਲਈ ਉਨ੍ਹਾਂ ਵਿੱਚ ਪਿਆਰ ਹੋਰ ਵਧੇ। ਕਹਿੰਦੇ ਵੀ ਹਨ ‘ਕਿਤਾਬਾਂ’ ਇਨਸਾਨ ਦੀਆਂ ਸਭ ਤੋਂ ਚੰਗੀਆਂ ਦੋਸਤ ਹੁੰਦੀਆਂ ਹਨ ਅਤੇ ਹੁਣ ਇਸ ਦੋਸਤੀ ਨੂੰ ਮਜ਼ਬੂਤ ਕਰਨ ਦੇ ਲਈ ਲਾਇਬ੍ਰੇਰੀ ਤੋਂ ਜ਼ਿਆਦਾ ਚੰਗੀ ਜਗ੍ਹਾ ਹੋਰ ਕੀ ਹੋਵੇਗੀ। ਮੈਂ ਚੇਨੱਈ ਦ ਇਕ ਉਦਾਹਰਣ ਤੁਹਾਡੇ ਨਾਲ ਸਾਂਝਾ ਕਰਨਾ ਚਾਹੁੰਦਾ ਹੈ, ਜਿੱਥੇ ਬੱਚਿਆਂ ਦੇ ਲਈ ਇਕ ਅਜਿਹੀ ਲਾਇਬ੍ਰੇਰੀ ਤਿਆਰ ਕੀਤੀ ਗਈ ਹੈ ਜੋ ਕ੍ਰਿਏਟੀਵਿਟੀ ਅਤੇ ਲਰਨਿੰਗ ਦਾ ਹੱਬ ਬਣ ਚੁੱਕੀ ਹੈ। ਇਸ ਨੂੰ ਪ੍ਰਕਿਰਤ ਅਰਿਵਗਮ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਇਸ ਲਾਇਬ੍ਰੇਰੀ ਦਾ ਆਈਡੀਆ ਟੈਕਨੋਲੋਜੀ ਦੀ ਦੁਨੀਆਂ ਨਾਲ ਜੁੜੇ ਸ਼੍ਰੀਰਾਮ ਗੋਪਾਲਨ ਜੀ ਦੀ ਦੇਣ ਹੈ। ਵਿਦੇਸ਼ ਵਿੱਚ ਆਪਣੇ ਕੰਮ ਦੇ ਦੌਰਾਨ ਉਹ ਲੇਟੈਸਟ ਟੈਕਨੋਲੋਜੀ ਦੀ ਦੁਨੀਆ ਨਾਲ ਜੁੜੇ ਰਹੇ, ਪ੍ਰੰਤੂ ਉਹ ਬੱਚਿਆਂ ਵਿੱਚ ਪੜ੍ਹਨ ਅਤੇ ਸਿੱਖਣ ਦੀ ਆਦਤ ਵਿਕਸਿਤ ਕਰਨ ਬਾਰੇ ਵੀ ਸੋਚਦੇ ਰਹੇ। ਭਾਰਤ ਵਾਪਸ ਆ ਕੇ ਉਨ੍ਹਾਂ ਨੇ ਪ੍ਰਕਿਰਤ ਅਰਿਵਗਮ ਨੂੰ ਤਿਆਰ ਕੀਤਾ। ਇਸ ਵਿੱਚ 3000 ਤੋਂ ਜ਼ਿਆਦਾ ਕਿਤਾਬਾਂ ਹਨ, ਜਿਨ੍ਹਾਂ ਨੂੰ ਪੜ੍ਹਨ ਦੇ ਲਈ ਬੱਚਿਆਂ ਵਿੱਚ ਹੋੜ ਲੱਗੀ ਰਹਿੰਦੀ ਹੈ। ਕਿਤਾਬਾਂ ਤੋਂ ਇਲਾਵਾ ਇਸ ਲਾਇਬ੍ਰੇਰੀ ਵਿੱਚ ਹੋਣ ਵਾਲੀਆਂ ਕਈ ਤਰ੍ਹਾਂ ਦੀਆਂ ਐਕਟੀਵਿਟੀਜ਼ ਵੀ ਬੱਚਿਆਂ ਨੂੰ ਲੁਭਾਉਂਦੀਆਂ ਹਨ। ਸਟੋਰੀ ਟੈਲਿੰਗ ਸੈਸ਼ਨ ਹੋਵੇ, ਆਰਟ ਵਰਕਸ਼ਾਪਸ ਹੋਣ, ਮੈਮੋਰੀ ਟਰੇਨਿੰਗ ਕਲਾਸਿਜ਼, ਰੋਬੋਟਿਕ ਲੈਸਨ ਜਾਂ ਫਿਰ ਪਬਲਿਕ ਸਪੀਕਿੰਗ, ਇੱਥੇ ਹਰ ਕਿਸੇ ਦੇ ਲਈ ਕੁਝ ਨਾ ਕੁਝ ਜ਼ਰੂਰ ਹੈ ਜੋ ਉਨ੍ਹਾਂ ਨੂੰ ਪਸੰਦ ਆਉਂਦਾ ਹੈ।
ਸਾਥੀਓ, ਹੈਦਰਾਬਾਦ ਵਿੱਚ ‘ਫੂਡ ਫਾਰ ਥੌਟ’ ਫਾਊਂਡੇਸ਼ਨ ਨੇ ਵੀ ਕਈ ਸ਼ਾਨਦਾਰ ਲਾਇਬ੍ਰੇਰੀਆਂ ਬਣਾਈਆਂ ਹਨ। ਇਨ੍ਹਾਂ ਦਾ ਵੀ ਯਤਨ ਇਹੀ ਹੈ ਕਿ ਬੱਚਿਆਂ ਨੂੰ ਜ਼ਿਆਦਾ ਤੋਂ ਜ਼ਿਆਦਾ ਵਿਸ਼ਿਆਂ ’ਤੇ ਭਰਪੂਰ ਜਾਣਕਾਰੀ ਦੇ ਨਾਲ ਪੜ੍ਹਨ ਦੇ ਲਈ ਕਿਤਾਬਾਂ ਮਿਲਣ। ਬਿਹਾਰ ਵਿੱਚ ਗੋਪਾਲਗੰਜ ਦੇ ‘ਪ੍ਰਯੋਗ ਲਾਇਬ੍ਰੇਰੀ’ ਦੀ ਚਰਚਾ ਤਾਂ ਆਸ-ਪਾਸ ਦੇ ਕਈ ਸ਼ਹਿਰਾਂ ਵਿੱਚ ਹੋਣ ਲਗੀ ਹੈ, ਇਸ ਲਾਇਬ੍ਰੇਰੀ ਵਿੱਚ ਤਕਰੀਬਨ 12 ਪਿੰਡਾਂ ਦੇ ਨੌਜਵਾਨਾਂ ਨੂੰ ਕਿਤਾਬਾਂ ਪੜ੍ਹਨ ਦੀ ਸੁਵਿਧਾ ਮਿਲਣ ਲਗੀ ਹੈ। ਨਾਲ ਹੀ ਇਹ ਲਾਇਬ੍ਰੇਰੀ ਪੜ੍ਹਾਈ ਵਿੱਚ ਮਦਦ ਕਰਨ ਵਾਲੀਆਂ ਦੂਜੀਆਂ ਜ਼ਰੂਰੀ ਸੁਵਿਧਾਵਾਂ ਵੀ ਉਪਲਬਧ ਕਰਵਾ ਰਹੀ ਹੈ। ਕੁਝ ਲਾਇਬ੍ਰੇਰੀਆਂ ਤਾਂ ਅਜਿਹੀਆਂ ਹਨ, ਜਿਹੜੀਆਂ ਪ੍ਰਤੀਯੋਗੀ ਪ੍ਰੀਖਿਆਵਾਂ ਦੀ ਤਿਆਰੀ ਵਿੱਚ ਸਟੂਡੈਂਟਸ ਦੇ ਬਹੁਤ ਕੰਮ ਆ ਰਹੀਆਂ ਹਨ। ਇਹ ਦੇਖਣਾ ਵਾਕਿਆ ਹੀ ਬਹੁਤ ਸੁਖਦ ਹੈ ਕਿ ਸਮਾਜ ਨੂੰ ਸਮਰੱਥ ਬਣਾਉਣ ਵਿੱਚ ਅੱਜ ਲਾਇਬ੍ਰੇਰੀ ਦਾ ਬੇਹਤਰੀਨ ਉਪਯੋਗ ਹੋ ਰਿਹਾ ਹੈ। ਤੁਸੀਂ ਵੀ ਕਿਤਾਬਾਂ ਨਾਲ ਦੋਸਤੀ ਵਧਾਓ ਅਤੇ ਦੇਖੋ ਕਿਸ ਤਰ੍ਹਾਂ ਤੁਹਾਡੇ ਜੀਵਨ ਵਿੱਚ ਬਦਲਾਅ ਆਉਂਦਾ ਹੈ।
ਮੇਰੇ ਪਿਆਰੇ ਦੇਸ਼ਵਾਸੀਓ, ਪਰਸੋਂ ਰਾਤ ਹੀ ਮੈਂ ਦੱਖਣੀ ਅਮਰੀਕਾ ਦੇ ਦੇਸ਼ ਗਿਆਨਾ ਤੋਂ ਵਾਪਸ ਆਇਆ ਹਾਂ, ਭਾਰਤ ਤੋਂ ਹਜ਼ਾਰਾਂ ਕਿਲੋਮੀਟਰ ਦੂਰ ਗਯਾਨਾ ਵਿੱਚ ਵੀ ਇਕ ਮਿੰਨੀ ਭਾਰਤ ਵਸਦਾ ਹੈ। ਅੱਜ ਤੋਂ ਲੱਗਭਗ 180 ਸਾਲ ਪਹਿਲਾਂ ਗਯਾਨਾ ਵਿੱਚ ਭਾਰਤ ਦੇ ਲੋਕਾਂ ਨੂੰ ਖੇਤਾਂ ਵਿੱਚ ਮਜ਼ਦੂਰੀ ਲਈ, ਦੂਜੇ ਕੰਮਾਂ ਲਈ ਲਿਜਾਇਆ ਗਿਆ ਸੀ। ਅੱਜ ਗਯਾਨਾ ਵੀ ਭਾਰਤੀ ਮੂਲ ਦੇ ਲੋਕ ਰਾਜਨੀਤੀ, ਵਪਾਰ, ਸਿੱਖਿਆ ਅਤੇ ਸੱਭਿਆਚਾਰ ਦੇ ਖੇਤਰ ਵਿੱਚ ਗਯਾਨਾ ਦੀ ਪ੍ਰਤੀਨਿਧਤਾ ਕਰ ਰਹੇ ਹਨ। ਗਯਾਨਾ ਦੇ ਰਾਸ਼ਟਰੀ ਡਾ. ਇਰਫਾਨ ਅਲੀ ਵੀ ਭਾਰਤੀ ਮੂਲ ਦੇ ਹਨ ਜੋ ਆਪਣੀ ਭਾਰਤੀ ਵਿਰਾਸਤ ’ਤੇ ਮਾਣ ਕਰਦੇ ਹਨ। ਜਦੋਂ ਮੈਂ ਗਯਾਨਾ ਵਿੱਚ ਸੀ ਤਾਂ ਮੇਰੇ ਮਨ ਵਿੱਚ ਇਕ ਵਿਚਾਰ ਆਇਆ ਸੀ – ਜੋ ਮੈਂ ‘ਮਨ ਕੀ ਬਾਤ’ ਵਿੱਚ ਤੁਹਾਡੇ ਨਾਲ ਸਾਂਝਾ ਕਰ ਰਿਹਾ ਹਾਂ। ਗਯਾਨਾ ਵਾਂਗ ਹੀ ਦੁਨੀਆਂ ਦੇ ਦਰਜਨਾਂ ਦੇਸ਼ਾਂ ਵਿੱਚ ਲੱਖਾਂ ਦੀ ਗਿਣਤੀ ਵਿੱਚ ਭਾਰਤੀ ਹਨ। ਦਹਾਕਿਆਂ ਪਹਿਲਾਂ ਦੀਆਂ, 200-300 ਸਾਲ ਪਹਿਲਾਂ ਦੀਆਂ ਉਨ੍ਹਾਂ ਦੇ ਪੂਰਵਜਾਂ ਦੀਆਂ ਆਪਣੀਆਂ ਕਹਾਣੀਆਂ ਹਨ। ਕੀ ਤੁਸੀਂ ਅਜਿਹੀਆਂ ਕਹਾਣੀਆਂ ਨੂੰ ਖੋਜ ਸਕਦੇ ਹੋ ਕਿ ਕਿਸ ਤਰ੍ਹਾਂ ਭਾਰਤੀ ਪ੍ਰਵਾਸੀਆਂ ਨੇ ਵੱਖ-ਵੱਖ ਦੇਸ਼ਾਂ ਵਿੱਚ ਆਪਣੀ ਪਹਿਚਾਣ ਬਣਾਈ। ਕਿਸ ਤਰ੍ਹਾਂ ਉਨ੍ਹਾਂ ਨੇ ਉੱਥੋਂ ਦੀ ਆਜ਼ਾਦੀ ਦੀ ਲੜਾਈ ਵਿੱਚ ਹਿੱਸਾ ਲਿਆ। ਕਿਸ ਤਰ੍ਹਾਂ ਉਨ੍ਹਾਂ ਨੇ ਆਪਣੀ ਵਿਰਾਸਤ ਨੂੰ ਜੀਵਿਤ ਰੱਖਿਆ? ਮੈਂ ਚਾਹੁੰਦਾ ਹਾਂ ਕਿ ਤੁਸੀਂ ਅਜਿਹੀਆਂ ਸੱਚੀਆਂ ਕਹਾਣੀਆਂ ਨੂੰ ਖੋਜੋ ਅਤੇ ਮੇਰੇ ਨਾਲ ਸ਼ੇਅਰ ਕਰੋ। ਤੁਸੀਂ ਇਨ੍ਹਾਂ ਕਹਾਣੀਆਂ ਨੂੰ ‘ਨਮੋ ਐਪ’ ’ਤੇ ਜਾਂ mygov ’ਤੇ #indian4iasporaStories ਦੇ ਨਾਲ ਵੀ ਸ਼ੇਅਰ ਕਰ ਸਕਦੇ ਹੋ।
ਸਾਥੀਓ, ਤੁਹਾਨੂੰ ਓਮਾਨ ਵਿੱਚ ਚੱਲ ਰਿਹਾ ਇਕ ਐਕਸਟ੍ਰਾ ਆਰਡੀਨਰੀ ਪ੍ਰੋਜੈਕਟ ਵੀ ਬਹੁਤ ਦਿਲਚਸਪ ਲਗੇਗਾ। ਅਨੇਕਾਂ ਭਾਰਤੀ ਪਰਿਵਾਰ ਕਈ ਸਦੀਆਂ ਤੋਂ ਓਮਾਨ ਵਿੱਚ ਰਹਿ ਰਹੇ ਹਨ। ਇਨ੍ਹਾਂ ਵਿੱਚ ਜ਼ਿਆਦਾਤਰ ਗੁਜਰਾਤ ਦੇ ਕੱਛ ਤੋਂ ਜਾ ਕੇ ਵਸੇ ਹਨ। ਇਨ੍ਹਾਂ ਲੋਕਾਂ ਨੇ ਵਪਾਰ ਦੇ ਮਹੱਤਵਪੂਰਣ ਲਿੰਕ ਤਿਆਰ ਕੀਤੇ ਸਨ। ਅੱਜ ਵੀ ਉਨ੍ਹਾਂ ਕੋਲ ਓਮਾਨੀ ਨਾਗਰਿਕਤਾ ਹੈ, ਪ੍ਰੰਤੂ ਭਾਰਤੀਅਤਾ ਉਨ੍ਹਾਂ ਦੀ ਰਗ-ਰਗ ਵਿੱਚ ਵਸੀ ਹੈ। ਓਮਾਨ ਵਿੱਚ ਭਾਰਤੀ ਦੂਤਾਵਾਸ ਅਤੇ ਨੈਸ਼ਨਲ ਆਰਕਾਈਵਸ ਆਫ ਇੰਡੀਆ ਦੇ ਸਹਿਯੋਗ ਨਾਲ ਇਕ ਟੀਮ ਨੇ ਇਨ੍ਹਾਂ ਪਰਿਵਾਰਾਂ ਦੀ ਹਿਸਟਰੀ ਨੂੰ ਪ੍ਰੀਜ਼ਰਵ ਕਰਨ ਦਾ ਕੰਮ ਸ਼ੁਰੂ ਕੀਤਾ ਹੈ। ਇਸ ਅਭਿਆਨ ਤਹਿਤ ਹੁਣ ਤੱਕ ਹਜ਼ਾਰਾਂ ਡਾਕੂਮੈਂਟਸ ਜੁਟਾਏ ਜਾ ਚੁਕੇ ਹਨ। ਇਨ੍ਹਾਂ ਵਿੱਚ ਡਾਇਰੀ, ਅਕਾਊਂਟ ਬੁੱਕ, ਲੈਜ਼ਰਸ, ਲੈਟਰਸ ਅਤੇ ਟੈਲੀਗ੍ਰਾਮ ਸ਼ਾਮਲ ਹਨ। ਇਨ੍ਹਾਂ ਵਿੱਚ ਕੁਝ ਦਸਤਾਵੇਜ਼ ਤਾਂ ਸੰਨ 1838 ਦੇ ਵੀ ਹਨ। ਇਹ ਦਸਤਾਵੇਜ਼ ਭਾਵਨਾਵਾਂ ਨਾਲ ਭਰੇ ਹੋਏ ਹਨ। ਸਾਲਾਂ ਪਹਿਲਾਂ ਜਦੋਂ ਉਹ ਓਮਾਨ ਪਹੁੰਚੇ ਤਾਂ ਉਨ੍ਹਾਂ ਨੇ ਕਿਸ ਤਰ੍ਹਾਂ ਦਾ ਜੀਵਨ ਬਤੀਤ ਕੀਤਾ, ਕਿਸ ਤਰ੍ਹਾਂ ਦੇ ਦੁਖ-ਸੁਖ ਦਾ ਸਾਹਮਣਾ ਕੀਤਾ ਅਤੇ ਓਮਾਨ ਦੇ ਲੋਕਾਂ ਦੇ ਨਾਲ ਉਨ੍ਹਾਂ ਦੇ ਸਬੰਧ ਕਿਸ ਤਰ੍ਹਾਂ ਅੱਗੇ ਵਧੇ – ਇਹ ਸਭ ਕੁਝ ਇਨ੍ਹਾਂ ਦਸਤਾਵੇਜ਼ਾਂ ਦਾ ਹਿੱਸਾ ਹੈ। ‘ਓਰਲ ਹਿਸਟਰੀ ਪ੍ਰੋਜੈਕਟ’ ਇਹ ਵੀ ਇਸ ਮਿਸ਼ਨ ਦਾ ਇਕ ਮਹੱਤਵਪੂਰਣ ਅਧਾਰ ਹੈ। ਇਸ ਮਿਸ਼ਨ ਵਿੱਚ ਉੱਥੋਂ ਦੇ ਬਜ਼ੁਰਗ ਲੋਕਾਂ ਨੇ ਆਪਣੇ ਅਨੁਭਵ ਸਾਂਝੇ ਕੀਤੇ ਹਨ। ਲੋਕਾਂ ਨੇ ਉੱਥੇ ਆਪਣੇ ਰਹਿਣ-ਸਹਿਣ ਨਾਲ ਜੁੜੀਆਂ ਗੱਲਾਂ ਨੂੰ ਵਿਸਤਾਰ ਨਾਲ ਦੱਸਿਆ ਹੈ।
ਸਾਥੀਓ, ਅਜਿਹਾ ਹੀ ਇਕ ‘ਓਰਲ ਹਿਸਟਰੀ ਪ੍ਰੋਜੈਕਟ’ ਭਾਰਤ ਵਿੱਚ ਵੀ ਹੋ ਰਿਹਾ ਹੈ। ਇਸ ਪ੍ਰੋਜੈਕਟ ਦੇ ਤਹਿਤ ਇਤਿਹਾਸ ਪ੍ਰੇਮੀ ਦੇਸ਼ ਦੀ ਵੰਡ ਦੇ ਦੌਰ ਵਿੱਚ ਪੀੜ੍ਹਤਾਂ ਦੇ ਅਨੁਭਵਾਂ ਦਾ ਸੰਗ੍ਰਹਿ ਕਰ ਰਹੇ ਹਨ। ਅੱਜ ਦੇਸ਼ ਵਿੱਚ ਅਜਿਹੇ ਲੋਕਾਂ ਦੀ ਗਿਣਤੀ ਘੱਟ ਹੀ ਬਚੀ ਹੈ, ਜਿਨ੍ਹਾਂ ਨੇ ਵੰਡ ਦੇ ਦੁਖਾਂਤ ਨੂੰ ਦੇਖਿਆ ਹੈ। ਅਜਿਹੇ ਵਿੱਚ ਇਹ ਯਤਨ ਹੋਰ ਜ਼ਿਆਦਾ ਮਹੱਤਵਪੂਰਨ ਹੋ ਗਿਆ ਹੈ।
ਸਾਥੀਓ, ਜੋ ਦੇਸ਼, ਜੋ ਮੁਲਕ, ਆਪਣੇ ਇਤਿਹਾਸ ਨੂੰ ਸੰਜੋਅ ਕੇ ਰੱਖਦਾ ਹੈ, ਉਸ ਦਾ ਭਵਿੱਖ ਵੀ ਸੁਰੱਖਿਅਤ ਰਹਿੰਦਾ ਹੈ। ਇਸੇ ਸੋਚ ਦੇ ਨਾਲ ਇਕ ਯਤਨ ਹੋਇਆ, ਜਿਸ ਵਿੱਚ ਪਿੰਡਾਂ ਦੇ ਇਤਿਹਾਸ ਨੂੰ ਸੰਜੋਣ ਵਾਲੀ ਇਕ ਡਾਇਰੈਕਟਰੀ ਬਣਾਈ ਹੈ। ਸਮੁੰਦਰੀ ਯਾਤਰਾ ਦੇ ਭਾਰਤ ਦੀ ਪੁਰਾਤਨ ਸਮਰੱਥਾ ਦੀ ਗਵਾਹੀ ਭਰਦੇ ਕਿੱਸਿਆਂ ਨੂੰ ਸਹੇਜਨ ਦਾ ਵੀ ਯਤਨ ਦੇਸ਼ ਵਿੱਚ ਚਲ ਰਿਹਾ ਹੈ। ਇਸੇ ਕੜੀ ਵਿੱਚ ਲੋਥਲ ’ਚ ਇਕ ਬਹੁਤ ਵੱਡਾ ਮਿਊਜ਼ੀਅਮ ਵੀ ਬਣਾਇਆ ਜਾ ਰਿਹਾ ਹੈ। ਇਸ ਤੋਂ ਇਲਾਵਾ ਤੁਹਾਡੀ ਜਾਣਕਾਰੀ ਵਿੱਚ ਕੋਈ Manuscript ਹੋਵੇ, ਕੋਈ ਇਤਿਹਾਸਕ ਦਸਤਾਵੇਜ਼ ਹੋਵੇ, ਕੋਈ ਹੱਥ ਲਿਖਤ ਪ੍ਰਤੀ ਹੋਵੇ ਤਾਂ ਉਸ ਨੂੰ ਵੀ ਤੁਸੀਂ National Archives of India ਦੀ ਮਦਦ ਨਾਲ ਸਾਂਭ ਸਕਦੇ ਹੋ।
ਸਾਥੀਓ, ਮੈਨੂੰ ਸਲੋਵਾਕੀਆ ਵਿੱਚ ਹੋ ਰਹੇ ਅਜਿਹੇ ਹੀ ਇਕ ਹੋਰ ਯਤਨ ਦੇ ਬਾਰੇ ਪਤਾ ਲੱਗਿਆ ਹੈ, ਜਿਹੜਾ ਸਾਡੇ ਸੱਭਿਆਚਾਰ ਨੂੰ ਸੁਰੱਖਿਅਤ ਰੱਖਣ ਅਤੇ ਉਸ ਨੂੰ ਅੱਗੇ ਵਧਾਉਣ ਨਾਲ ਜੁੜਿਆ ਹੋਇਆ ਹੈ। ਇੱਥੇ ਪਹਿਲੀ ਵਾਰ ਸਲੋਵੈਕ ਭਾਸ਼ਾ ਵਿੱਚ ਸਾਡੇ ਉਪਨਿਸ਼ਦਾਂ ਦਾ ਅਨੁਵਾਦ ਕੀਤਾ ਗਿਆ ਹੈ। ਇਨ੍ਹਾਂ ਯਤਨਾਂ ਨਾਲ ਭਾਰਤੀ ਸੰਸਕ੍ਰਿਤੀ ਦੇ ਵੈਸ਼ਵਿਕ ਪ੍ਰਭਾਵ ਦਾ ਵੀ ਪਤਾ ਲਗਦਾ ਹੈ। ਸਾਡੇ ਸਾਰਿਆਂ ਲਈ ਇਹ ਮਾਣ ਦੀ ਗੱਲ ਹੈ ਕਿ ਦੁਨੀਆ ਭਰ ਵਿੱਚ ਅਜਿਹੇ ਕਰੋੜਾਂ ਲੋਕ ਹਨ, ਜਿਨ੍ਹਾਂ ਦੇ ਦਿਲ ਵਿੱਚ ਭਾਰਤ ਵਸਦਾ ਹੈ।
ਮੇਰੇ ਪਿਆਰੇ ਦੇਸ਼ਵਾਸੀਓ, ਹੁਣ ਮੈਂ ਤੁਹਾਡੇ ਨਾਲ ਦੇਸ਼ ਦੀ ਇਕ ਅਜਿਹੀ ਉਪਲਬਧੀ ਸਾਂਝੀ ਕਰਨੀ ਚਾਹੁੰਦਾ ਹਾਂ, ਜਿਸ ਨੂੰ ਸੁਣ ਕੇ ਤੁਹਾਨੂੰ ਖੁਸ਼ੀ ਵੀ ਹੋਵੇਗੀ ਤੇ ਮਾਣ ਵੀ ਹੋਵੇਗਾ ਅਤੇ ਜੇਕਰ ਤੁਸੀਂ ਨਹੀਂ ਕੀਤਾ ਤਾਂ ਸ਼ਾਇਦ ਪਛਤਾਵਾ ਵੀ ਹੋਵੇਗਾ। ਕੁਝ ਮਹੀਨੇ ਪਹਿਲਾਂ ਅਸੀਂ ‘ਏਕ ਪੇੜ ਮਾਂ ਕੇ ਨਾਮ’ ਅਭਿਆਨ ਸ਼ੁਰੂ ਕੀਤਾ ਸੀ। ਇਸ ਅਭਿਆਨ ਵਿੱਚ ਦੇਸ਼ ਭਰ ਦੇ ਲੋਕਾਂ ਨੇ ਬਹੁਤ ਉਤਸ਼ਾਹ ਨਾਲ ਹਿੱਸਾ ਲਿਆ। ਮੈਨੂੰ ਇਹ ਦੱਸਦੇ ਹੋਏ ਬਹੁਤ ਖੁਸ਼ੀ ਹੋਈ ਹੈ ਕਿ ਇਸ ਅਭਿਆਨ ਨੇ 100 ਕਰੋੜ ਰੁੱਖ ਲਗਾਉਣ ਦਾ ਅਹਿਮ ਪੜਾਅ ਪਾਰ ਕਰ ਲਿਆ ਹੈ। 100 ਕਰੋੜ ਰੁੱਖ ਉਹ ਵੀ ਸਿਰਫ 5 ਮਹੀਨਿਆਂ ਵਿੱਚ, ਇਹ ਸਾਡੇ ਦੇਸ਼ਵਾਸੀਆਂ ਦੇ ਅਣਥੱਕ ਯਤਨਾਂ ਨਾਲ ਹੀ ਸੰਭਵ ਹੋਇਆ ਹੈ। ਇਸ ਨਾਲ ਜੁੜੀ ਇਕ ਹੋਰ ਗੱਲ ਜਾਣ ਕੇ ਤੁਹਾਨੂੰ ਮਾਣ ਹੋਵੇਗਾ ਕਿ ‘ਏਕ ਪੇੜ ਮਾਂ ਕੇ ਨਾਮ’ ਅਭਿਆਨ ਹੁਣ ਦੁਨੀਆਂ ਦੇ ਦੂਸਰੇ ਦੇਸ਼ਾਂ ਵਿੱਚ ਵੀ ਫੈਲ ਰਿਹਾ ਹੈ। ਜਦੋਂ ਮੈਂ ਗਯਾਨਾ ਵਿੱਚ ਸੀ ਤਾਂ ਉੱਥੇ ਵੀ ਇਸ ਅਭਿਆਨ ਦਾ ਗਵਾਹ ਬਣਿਆ। ਉੱਥੇ ਮੇਰੇ ਨਾਲ ਗਯਾਨਾ ਦੇ ਰਾਸ਼ਟਰਪਤੀ ਡਾ. ਇਰਫਾਨ ਅਲੀ, ਉਨ੍ਹਾਂ ਦੀ ਪਤਨੀ ਦੀ ਮਾਤਾ ਜੀ ਅਤੇ ਪਰਿਵਾਰ ਦੇ ਬਾਕੀ ਮੈਂਬਰ ‘ਏਕ ਪੇੜ ਮਾਂ ਕੇ ਨਾਮ’ ਅਭਿਆਨ ਵਿੱਚ ਸ਼ਾਮਿਲ ਹੋਏ।
ਸਾਥੀਓ, ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਇਹ ਅਭਿਆਨ ਲਗਾਤਾਰ ਚੱਲ ਰਿਹਾ ਹੈ। ਮੱਧ ਪ੍ਰਦੇਸ਼ ਦੇ ਇੰਦੌਰ ਵਿੱਚ ‘ਏਕ ਪੇੜ ਮਾਂ ਕੇ ਨਾਮ’ ਅਭਿਆਨ ਦੇ ਤਹਿਤ ਰੁੱਖ ਲਗਾਉਣ ਦਾ ਰਿਕਾਰਡ ਬਣਿਆ ਹੈ – ਇੱਥੇ 24 ਘੰਟੇ ਵਿੱਚ 12 ਲੱਖ ਤੋਂ ਜ਼ਿਆਦਾ ਰੁੱਖ ਲਗਾਏ ਗਏ। ਇਸ ਅਭਿਆਨ ਦੀ ਵਜ੍ਹਾ ਨਾਲ ਇੰਦੌਰ ਦੀ ਰੇਵਤੀ ਹਿੱਲਸ ਦੇ ਬੰਜ਼ਰ ਇਲਾਕੇ ਹੁਣ ਗ੍ਰੀਨ ਜ਼ੋਨ ਵਿੱਚ ਬਦਲ ਜਾਣਗੇ। ਰਾਜਸਥਾਨ ਦੇ ਜੈਸਲਮੇਰ ਵਿੱਚ ਇਸ ਅਭਿਆਨ ਦੁਆਰਾ ਇਕ ਅਨੋਖਾ ਰਿਕਾਰਡ ਬਣਿਆ ਹੈ – ਇੱਥੇ ਮਹਿਲਾਵਾਂ ਦੀ ਇਕ ਟੀਮ ਨੇ ਇਕ ਘੰਟੇ ਵਿੱਚ 25 ਹਜ਼ਾਰ ਰੁੱਖ ਲਗਾਏ। ਮਾਵਾਂ ਨੇ ‘ਮਾਂ ਕੇ ਨਾਮ ਪੇੜ’ ਲਗਾਇਆ ਅਤੇ ਦੂਜਿਆਂ ਨੂੰ ਵੀ ਪ੍ਰੇਰਿਤ ਕੀਤਾ। ਇੱਥੇ ਇਕ ਹੀ ਜਗ੍ਹਾ ’ਤੇ 5 ਹਜ਼ਾਰ ਤੋਂ ਜ਼ਿਆਦਾ ਲੋਕਾਂ ਨੇ ਮਿਲ ਕੇ ਰੁੱਖ ਲਗਾਏ। ਇਹ ਵੀ ਆਪਣੇ ਆਪ ਵਿੱਚ ਇਕ ਰਿਕਾਰਡ ਹੈ। ‘ਏਕ ਪੇੜ ਮਾਂ ਕੇ ਨਾਮ’ ਅਭਿਆਨ ਦੇ ਤਹਿਤ ਕਈ ਸਮਾਜਿਕ ਸੰਸਥਾਵਾਂ ਸਥਾਨਕ ਜ਼ਰੂਰਤਾਂ ਦੇ ਹਿਸਾਬ ਨਾਲ ਰੁੱਖ ਲਗਾ ਰਹੀਆਂ ਹਨ। ਉਨ੍ਹਾਂ ਦਾ ਯਤਨ ਹੈ ਕਿ ਜਿੱਥੇ ਰੁੱਖ ਲਗਾਏ ਜਾਣ, ਉੱਥੇ ਵਾਤਾਵਰਣ ਦੇ ਅਨੁਕੂਲ ਪੂਰਾ ਈਕੋਸਿਸਟਮ ਡਿਵੈਲਪ ਹੋਵੇ। ਇਸ ਲਈ ਇਹ ਸੰਸਥਾਵਾਂ ਕਿਧਰੇ ਔਸ਼ਧੀ ਪੌਦੇ ਲਗਾ ਰਹੀਆਂ ਹਨ ਤੇ ਕਿਧਰੇ ਚਿੜੀਆਂ ਦਾ ਬਸੇਰਾ ਬਣਾਉਣ ਦੇ ਲਈ ਰੁੱਖ ਲਗਾ ਰਹੀਆਂ ਹਨ। ਬਿਹਾਰ ਵਿੱਚ ‘ਜੀਵਿਕਾ ਸੈਲਫ ਹੈਲਪ ਗਰੁੱਪ’ ਦੀਆਂ ਮਹਿਲਾਵਾਂ 75 ਲੱਖ ਰੁੱਖ ਲਗਾਉਣ ਦਾ ਅਭਿਆਨ ਚਲਾ ਰਹੀਆਂ ਹਨ। ਇਨ੍ਹਾਂ ਮਹਿਲਾਵਾਂ ਦਾ ਫੋਕਸ ਫਲ ਵਾਲੇ ਰੁੱਖਾਂ ’ਤੇ ਹੈ, ਜਿਸ ਨਾਲ ਆਉਣ ਵਾਲੇ ਸਮੇਂ ਵਿੱਚ ਕਮਾਈ ਵੀ ਕੀਤੀ ਜਾ ਸਕੇ।
ਸਾਥੀਓ, ਇਸ ਅਭਿਆਨ ਨਾਲ ਜੁੜ ਕੇ ਕੋਈ ਵੀ ਵਿਅਕਤੀ ਆਪਣੀ ਮਾਂ ਦੇ ਨਾਮ ਰੁੱਖ ਲਗਾ ਸਕਦਾ ਹੈ। ਜੇਕਰ ਮਾਂ ਨਾਲ ਹੈ ਤਾਂ ਉਨ੍ਹਾਂ ਨੂੰ ਨਾਲ ਲੈ ਕੇ ਆਪ ਰੁੱਖ ਲਗਾ ਸਕਦਾ ਹੈ, ਨਹੀਂ ਤਾਂ ਉਨ੍ਹਾਂ ਦੀ ਤਸਵੀਰ ਨਾਲ ਲੈ ਕੇ ਆਪ ਇਸ ਅਭਿਆਨ ਦਾ ਹਿੱਸਾ ਬਣ ਸਕਦਾ ਹੈ। ਰੁੱਖ ਦੇ ਨਾਲ ਤੁਸੀਂ ਆਪਣੀ ਸੈਲਫੀ ਵੀ Mygov.in ’ਤੇ ਪੋਸਟ ਕਰ ਸਕਦੇ ਹੋ। ਮਾਂ ਸਾਡੇ ਸਾਰਿਆਂ ਲਈ ਜੋ ਕਰਦੀ ਹੈ, ਅਸੀਂ ਉਨ੍ਹਾਂ ਦਾ ਕਰਜ਼ਾ ਕਦੇ ਨਹੀਂ ਚੁਕਾ ਸਕਦੇ, ਪ੍ਰੰਤੂ ਇਕ ਰੁੱਖ ਮਾਂ ਦੇ ਨਾਮ ਲਗਾ ਕੇ ਅਸੀਂ ਉਨ੍ਹਾਂ ਦੀ ਹਾਜ਼ਰੀ ਨੂੰ ਹਮੇਸ਼ਾ ਦੇ ਲਈ ਜੀਵੰਤ ਬਣਾ ਸਕਦੇ ਹਾਂ।
ਮੇਰੇ ਪਿਆਰੇ ਦੇਸ਼ਵਾਸੀਓ, ਤੁਸੀਂ ਸਾਰੇ ਲੋਕਾਂ ਨੇ ਬਚਪਨ ਵਿੱਚ ਗੌਰੇਯਾ ਜਾਂ ਸਪੈਰੋ ਨੂੰ ਆਪਣੇ ਘਰ ਦੀ ਛੱਤ ’ਤੇ, ਦਰੱਖਤਾਂ ’ਤੇ ਚਹਿਕਦੇ ਹੋਏ ਜ਼ਰੂਰ ਵੇਖਿਆ ਹੋਵੇਗਾ। ਗੌਰੇਯਾ ਨੂੰ ਤਮਿਲ ਅਤੇ ਮਲਿਆਲਮ ਵਿੱਚ ਕੁਰੂਵੀ, ਤੇਲਗੂ ਵਿੱਚ ਪਿਚੂਕਾ ਅਤੇ ਕੰਨ੍ਹੜ ਵਿੱਚ ਗੁੱਬੀ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਹਰ ਭਾਸ਼ਾ, ਸੰਸਕ੍ਰਿਤੀ ਵਿੱਚ ਗੌਰੇਯਾ ਬਾਰੇ ਕਿੱਸੇ-ਕਹਾਣੀਆਂ ਸੁਣਾਏ ਜਾਂਦੇ ਹਨ, ਸਾਡੇ ਆਲੇ-ਦੁਆਲੇ ਬਾਇਓਡਾਇਵਰਸਿਟੀ ਨੂੰ ਬਣਾਈ ਰੱਖਣ ਵਿੱਚ ਗੌਰੇਯਾ ਦਾ ਇਕ ਬਹੁਤ ਮਹੱਤਵਪੂਰਣ ਯੋਗਦਾਨ ਹੁੰਦਾ ਹੈ, ਪ੍ਰੰਤੂ ਅੱਜ ਸ਼ਹਿਰਾਂ ਵਿੱਚ ਬੜੀ ਮੁਸ਼ਕਿਲ ਨਾਲ ਗੌਰੇਯਾ ਦਿਖਦੀ ਹੈ। ਵਧਦੇ ਸ਼ਹਿਰੀਕਰਣ ਦੀ ਵਜ੍ਹਾ ਨਾਲ ਗੌਰੇਯਾ ਸਾਡੇ ਤੋਂ ਦੂਰ ਚਲੀ ਗਈ ਹੈ। ਅੱਜ ਦੀ ਪੀੜ੍ਹੀ ਦੇ ਅਜਿਹੇ ਬਹੁਤ ਸਾਰੇ ਬੱਚੇ ਹਨ, ਜਿਨ੍ਹਾਂ ਨੇ ਗੌਰੇਯਾ ਨੂੰ ਸਿਰਫ਼ ਤਸਵੀਰਾਂ ਜਾਂ ਵੀਡੀਓ ਵਿੱਚ ਦੇਖਿਆ ਹੈ। ਅਜਿਹੇ ਬੱਚਿਆਂ ਦੇ ਜੀਵਨ ਵਿੱਚ ਇਸ ਪਿਆਰੇ ਪੰਛੀ ਦੀ ਵਾਪਸੀ ਲਈ ਕੁਝ ਅਨੋਖੇ ਯਤਨ ਹੋ ਰਹੇ ਹਨ। ਚੇਨੱਈ ਦੇ ਕੂਡੁਗਲ ਟਰੱਸਟ ਨੇ ਗੌਰੇਯਾ ਦੀ ਆਬਾਦੀ ਵਧਾਉਣ ਲਈ ਸਕੂਲ ਦੇ ਬੱਚਿਆਂ ਨੂੰ ਆਪਣੇ ਅਭਿਆਨ ਵਿੱਚ ਸ਼ਾਮਲ ਕੀਤਾ ਹੈ। ਸੰਸਥਾ ਦੇ ਲੋਕ ਸਕੂਲਾਂ ਵਿੱਚ ਜਾ ਕੇ ਬੱਚਿਆਂ ਨੂੰ ਦੱਸਦੇ ਹਨ ਕਿ ਗੌਰੇਯਾ ਰੋਜ਼ਾਨਾ ਦੇ ਜੀਵਨ ਵਿੱਚ ਕਿੰਨੀ ਮਹੱਤਵਪੂਰਣ ਹੈ। ਇਹ ਸੰਸਥਾ ਬੱਚਿਆਂ ਨੂੰ ਗੌਰੇਯਾ ਦਾ ਆਲ੍ਹਣਾ ਬਣਾਉਣ ਦੀ ਟ੍ਰੇਨਿੰਗ ਦਿੰਦੀ ਹੈ। ਇਸ ਦੇ ਲਈ ਸੰਸਥਾ ਦੇ ਲੋਕਾਂ ਨੇ ਬੱਚਿਆਂ ਨੂੰ ਲੱਕੜ ਦਾ ਇਕ ਛੋਟਾ ਜਿਹਾ ਘਰ ਬਣਾਉਣਾ ਸਿਖਾਇਆ, ਇਸ ਵਿੱਚ ਗੌਰੇਯਾ ਦੇ ਰਹਿਣ, ਖਾਣ ਦਾ ਇੰਤਜ਼ਾਮ ਕੀਤਾ। ਇਹ ਅਜਿਹੇ ਘਰ ਹੁੰਦੇ ਹਨ, ਜਿਨ੍ਹਾਂ ਨੂੰ ਕਿਸੇ ਵੀ ਇਮਾਰਤ ਦੀ ਬਾਹਰੀ ਦੀਵਾਰ ’ਤੇ ਜਾਂ ਰੁੱਖ ’ਤੇ ਲਗਾਇਆ ਜਾ ਸਕਦਾ ਹੈ। ਬੱਚਿਆਂ ਨੇ ਇਸ ਅਭਿਆਨ ਵਿੱਚ ਉਤਸ਼ਾਹ ਦੇ ਨਾਲ ਹਿੱਸਾ ਲਿਆ ਅਤੇ ਗੌਰੇਯਾ ਦੇ ਲਈ ਵੱਡੀ ਸੰਖਿਆ ਵਿੱਚ ਆਲ੍ਹਣੇ ਬਣਾਉਣੇ ਸ਼ੁਰੂ ਕਰ ਦਿੱਤੇ। ਪਿਛਲੇ 4 ਸਾਲਾਂ ਵਿੱਚ ਸੰਸਥਾ ਨੇ ਗੌਰੇਯਾ ਦੇ ਲਈ ਅਜਿਹੇ 10 ਹਜ਼ਾਰ ਆਲ੍ਹਣੇ ਤਿਆਰ ਕੀਤੇ ਹਨ। ਕੂਡੁਗਲ ਟਰੱਸਟ ਦੀ ਇਸ ਪਹਿਲ ਨਾਲ ਆਸ-ਪਾਸ ਦੇ ਇਲਾਕਿਆਂ ਵਿੱਚ ਗੌਰੇਯਾ ਦੀ ਆਬਾਦੀ ਵਧਣੀ ਸ਼ੁਰੂ ਹੋ ਗਈ ਹੈ। ਤੁਸੀਂ ਵੀ ਆਪਣੇ ਆਸ-ਪਾਸ ਅਜਿਹੇ ਯਤਨ ਕਰੋਗੇ ਤਾਂ ਨਿਸ਼ਚਿਤ ਤੌਰ ’ਤੇ ਗੌਰੇਯਾ ਫਿਰ ਤੋਂ ਸਾਡੇ ਜੀਵਨ ਦਾ ਹਿੱਸਾ ਬਣ ਜਾਏਗੀ।
ਸਾਥੀਓ, ਕਰਨਾਟਕ ਦੇ ਮੈਸੂਰ ਦੀ ਇਕ ਸੰਸਥਾ ਨੇ ਬੱਚਿਆਂ ਦੇ ਲਈ ‘ਅਰਲੀ ਬਰਡ’ ਨਾਮ ਦਾ ਅਭਿਆਨ ਸ਼ੁਰੂ ਕੀਤਾ ਹੈ। ਇਹ ਸੰਸਥਾ ਬੱਚਿਆਂ ਨੂੰ ਪੰਛੀਆਂ ਦੇ ਬਾਰੇ ਦੱਸਣ ਲਈ ਖਾਸ ਤਰ੍ਹਾਂ ਦੀ ਲਾਇਬ੍ਰੇਰੀ ਚਲਾਉਂਦੀ ਹੈ। ਇੰਨਾ ਹੀ ਨਹੀਂ, ਬੱਚਿਆਂ ਵਿੱਚ ਕੁਦਰਤ ਦੇ ਪ੍ਰਤੀ ਜ਼ਿੰਮੇਦਾਰੀ ਦੀ ਭਾਵਨਾ ਪੈਦਾ ਕਰਨ ਲਈ ‘ਨੇਚਰ ਐਜੂਕੇਸ਼ਨ ਕਿਟ’ ਤਿਆਰ ਕੀਤਾ ਹੈ। ਇਸ ਕਿਟ ਵਿੱਚ ਬੱਚਿਆਂ ਦੇ ਲਈ ਸਟੋਰੀ ਬੁੱਕ, ਗੇਮਸ, ਐਕਟੀਵਿਟੀ ਸ਼ੀਟਸ ਅਤੇ Jig-saw puzzles ਹਨ। ਇਹ ਸੰਸਥਾ ਸ਼ਹਿਰ ਦੇ ਬੱਚਿਆਂ ਨੂੰ ਪਿੰਡਾਂ ਵਿੱਚ ਲੈ ਕੇ ਜਾਂਦੀ ਹੈ ਅਤੇ ਉਨ੍ਹਾਂ ਨੂੰ ਪੰਛੀਆਂ ਦੇ ਬਾਰੇ ਦੱਸਦੀ ਹੈ। ਇਸ ਸੰਸਥਾ ਦੇ ਯਤਨਾਂ ਦੀ ਵਜ੍ਹਾ ਨਾਲ ਬੱਚੇ ਪੰਛੀਆਂ ਦੀਆਂ ਅਨੇਕਾਂ ਪ੍ਰਜਾਤੀਆਂ ਨੂੰ ਪਹਿਚਾਨਣ ਲੱਗੇ ਹਨ। ‘ਮਨ ਕੀ ਬਾਤ’ ਦੇ ਸਰੋਤੇ ਵੀ ਇਸ ਤਰ੍ਹਾਂ ਦੇ ਯਤਨਾਂ ਨਾਲ ਬੱਚਿਆਂ ਵਿੱਚ ਆਪਣੇ ਆਲੇ-ਦੁਆਲੇ ਨੂੰ ਦੇਖਣ ਅਤੇ ਸਮਝਣ ਦਾ ਵੱਖਰਾ ਨਜ਼ਰੀਆ ਵਿਕਸਿਤ ਕਰ ਸਕਦੇ ਹਨ।
ਮੇਰੇ ਪਿਆਰੇ ਦੇਸ਼ਵਾਸੀਓ, ਤੁਸੀਂ ਦੇਖਿਆ ਹੋਵੇਗਾ ਕਿ ਜਿਸ ਤਰ੍ਹਾਂ ਹੀ ਕੋਈ ਕਹਿੰਦਾ ਹੈ ‘ਸਰਕਾਰੀ ਦਫਤਰ’ ਤਾਂ ਤੁਹਾਡੇ ਮਨ ਵਿੱਚ ਫਾਈਲਾਂ ਦੇ ਢੇਰ ਦੀ ਤਸਵੀਰ ਬਣ ਜਾਂਦੀ ਹੈ। ਤੁਸੀਂ ਫਿਲਮਾਂ ਵਿੱਚ ਵੀ ਅਜਿਹਾ ਹੀ ਕੁਝ ਦੇਖਿਆ ਹੋਵੇਗਾ। ਸਰਕਾਰੀ ਦਫਤਰਾਂ ਵਿੱਚ ਇਨ੍ਹਾਂ ਫਾਈਲਾਂ ਦੇ ਢੇਰ ’ਤੇ ਕਿੰਨੇ ਹੀ ਮਜ਼ਾਕ ਬਣਦੇ ਰਹਿੰਦੇ ਹਨ। ਕਿੰਨੀਆਂ ਹੀ ਕਹਾਣੀਆਂ ਲਿਖੀਆਂ ਜਾ ਚੁੱਕੀਆਂ ਹਨ। ਸਾਲਾਂ-ਸਾਲ ਇਹ ਫਾਈਲਾਂ ਆਫਿਸ ਵਿੱਚ ਪਈਆਂ-ਪਈਆਂ ਮਿੱਟੀ ਨਾਲ ਭਰ ਜਾਂਦੀਆਂ ਸਨ, ਉੱਥੇ ਗੰਦਗੀ ਹੋਣ ਲਗਦੀ ਸੀ। ਇਸ ਤਰ੍ਹਾਂ ਦਹਾਕਿਆਂ ਪੁਰਾਣੀਆਂ ਫਾਈਲਾਂ ਅਤੇ ਸਕ੍ਰੈਪ ਨੂੰ ਹਟਾਉਣ ਦੇ ਲਈ ਇਕ ਵਿਸ਼ੇਸ਼ ਸਵੱਛਤਾ ਅਭਿਆਨ ਚਲਾਇਆ ਗਿਆ। ਤੁਹਾਨੂੰ ਇਹ ਜਾਣ ਕੇ ਖੁਸ਼ੀ ਹੋਵੇਗੀ ਕਿ ਸਰਕਾਰੀ ਵਿਭਾਗਾਂ ਵਿੱਚ ਇਸ ਅਭਿਆਨ ਦੇ ਅਦਭੁੱਤ ਨਤੀਜੇ ਸਾਹਮਣੇ ਆਏ ਹਨ। ਸਾਫ-ਸਫਾਈ ਨਾਲ ਦਫ਼ਤਰਾਂ ਵਿੱਚ ਕਾਫੀ ਜਗ੍ਹਾ ਖਾਲੀ ਹੋ ਗਈ ਹੈ। ਇਸ ਨਾਲ ਦਫਤਰ ਵਿੱਚ ਕੰਮ ਕਰਨ ਵਾਲਿਆਂ ਵਿੱਚ ਇਕ Ownership ਦਾ ਭਾਵ ਵੀ ਆਇਆ ਹੈ। ਆਪਣੇ ਕੰਮ ਕਰਨ ਦੀ ਜਗ੍ਹਾ ਨੂੰ ਸਵੱਛ ਰੱਖਣ ਦੀ ਗੰਭੀਰਤਾ ਵੀ ਉਨ੍ਹਾਂ ਵਿੱਚ ਆਈ ਹੈ।
ਸਾਥੀਓ, ਤੁਸੀਂ ਅਕਸਰ ਵੱਡੇ ਬਜ਼ੁਰਗਾਂ ਨੂੰ ਇਹ ਕਹਿੰਦੇ ਸੁਣਿਆ ਹੋਵੇਗਾ ਕਿ ਜਿੱਥੇ ਸਵੱਛਤਾ ਹੁੰਦੀ ਹੈ, ਉੱਥੇ ਲਕਸ਼ਮੀ ਜੀ ਦਾ ਵਾਸ ਹੁੰਦਾ ਹੈ। ਸਾਡੇ ਇੱਥੇ ਕਚਰੇ ਤੋਂ ਕੰਚਨ ਦਾ ਵਿਚਾਰ ਬਹੁਤ ਪੁਰਾਣਾ ਹੈ। ਦੇਸ਼ ਦੇ ਕਈ ਹਿੱਸਿਆਂ ਵਿੱਚ ਨੌਜਵਾਨ ਬੇਕਾਰ ਸਮਝੀਆਂ ਜਾਣ ਵਾਲੀਆਂ ਚੀਜ਼ਾਂ ਨੂੰ ਲੈ ਕੇ ਕਚਰੇ ਤੋਂ ਕੰਚਨ ਬਣਾ ਰਹੇ ਹਨ। ਤਰ੍ਹਾਂ-ਤਰ੍ਹਾਂ ਦੇ ਇਨੋਵੇਸ਼ਨ ਕਰ ਰਹੇ ਹਨ। ਇਸ ਦੇ ਨਾਲ ਉਹ ਪੈਸੇ ਕਮਾ ਰਹੇ ਹਨ, ਰੋਜ਼ਗਾਰ ਦੇ ਸਾਧਨ ਵਿਕਸਿਤ ਕਰ ਰਹੇ ਹਨ, ਇਹ ਨੌਜਵਾਨ ਆਪਣੇ ਯਤਨਾਂ ਨਾਲ ਸਸਟੇਨੇਬਲ ਲਾਈਫ ਸਟਾਈਲ ਨੂੰ ਵੀ ਹੁਲਾਰਾ ਦੇ ਰਹੇ ਹਨ। ਮੁੰਬਈ ਦੀਆਂ ਦੋ ਬੇਟੀਆਂ ਦਾ ਇਹ ਯਤਨ ਵਾਕਿਆ ਹੀ ਬਹੁਤ ਪ੍ਰੇਰਕ ਹੈ। ਅਕਸ਼ਰਾ ਅਤੇ ਪ੍ਰਕਿਰਤੀ ਨਾਮ ਦੀਆਂ ਇਹ ਦੋ ਬੇਟੀਆਂ ਲੀਰਾਂ ਨਾਲ ਫੈਸ਼ਨ ਦੇ ਸਮਾਨ ਬਣਾ ਰਹੀਆਂ ਹਨ। ਤੁਸੀਂ ਵੀ ਜਾਣਦੇ ਹੋ ਕਿ ਕਪੜਿਆਂ ਦੀ ਕਟਾਈ-ਸਿਲਾਈ ਦੇ ਦੌਰਾਨ ਜੋ ਲੀਰਾਂ ਨਿਕਲਦੀਆਂ ਹਨ, ਜਿਨ੍ਹਾਂ ਨੂੰ ਬੇਕਾਰ ਸਮਝ ਕੇ ਸੁੱਟ ਦਿੱਤਾ ਜਾਂਦਾ ਹੈ, ਅਕਸ਼ਰਾ ਅਤੇ ਪ੍ਰਕਿਰਤੀ ਦੀ ਟੀਮ ਉਨ੍ਹਾਂ ਕੱਪੜਿਆਂ ਦੀਆਂ ਲੀਰਾਂ ਨੂੰ ਫੈਸ਼ਨ ਪ੍ਰੋਡਕਟ ਵਿੱਚ ਬਦਲਦੀ ਹੈ। ਲੀਰਾਂ ਨਾਲ ਬਣੀਆਂ ਟੋਪੀਆਂ, ਬੈਗ ਹੱਥੋ-ਹੱਥ ਵਿਕ ਵੀ ਰਹੇ ਹਨ।
ਸਾਥੀਓ, ਸਾਫ-ਸਫਾਈ ਨੂੰ ਲੈ ਕੇ ਯੂ. ਪੀ. ਦੇ ਕਾਨਪੁਰ ਵਿੱਚ ਵੀ ਚੰਗੀ ਪਹਿਲ ਹੋ ਰਹੀ ਹੈ। ਇੱਥੇ ਕੁਝ ਲੋਕ ਰੋਜ਼ ਸਵੇਰੇ ਮੌਰਨਿੰਗ ਵਾਕ ’ਤੇ ਨਿਕਲਦੇ ਹਨ ਅਤੇ ਗੰਗਾ ਦੇ ਘਾਟਾਂ ’ਤੇ ਫੈਲੇ ਪਲਾਸਟਿਕ ਅਤੇ ਹੋਰ ਕੂੜੇ ਨੂੰ ਚੁੱਕ ਲੈਂਦੇ ਹਨ, ਇਸ ਸਮੂਹ ਨੂੰ Kanpur Ploggers Group ਨਾਮ ਦਿੱਤਾ ਗਿਆ ਹੈ। ਇਸ ਮੁਹਿੰਮ ਦੀ ਸ਼ੁਰੂਆਤ ਕੁਝ ਦੋਸਤਾਂ ਨੇ ਮਿਲ ਕੇ ਕੀਤੀ ਸੀ। ਹੌਲੀ-ਹੌਲੀ ਇਹ ਜਨਭਾਗੀਦਾਰੀ ਦਾ ਵੱਡਾ ਅਭਿਆਨ ਬਣ ਗਿਆ। ਸ਼ਹਿਰ ਦੇ ਕਈ ਲੋਕ ਇਸ ਦੇ ਨਾਲ ਜੁੜ ਗਏ ਹਨ। ਇਸ ਦੇ ਮੈਂਬਰ ਹੁਣ ਦੁਕਾਨਾਂ ਅਤੇ ਘਰਾਂ ਤੋਂ ਵੀ ਕੂੜਾ ਚੁੱਕਣ ਲੱਗੇ ਹਨ। ਇਸ ਕੂੜੇ ਨਾਲ ਰੀਸਾਈਕਲ ਪਲਾਂਟ ਵਿੱਚ ਟ੍ਰੀ-ਗਾਰਡ ਤਿਆਰ ਕੀਤੇ ਜਾਂਦੇ ਹਨ। ਯਾਨੀ ਇਸ ਗਰੁੱਪ ਦੇ ਲੋਕ ਕੂੜੇ ਤੋਂ ਬਣੇ ਟ੍ਰੀ-ਗਾਰਡ ਨਾਲ ਪੌਦਿਆਂ ਦੀ ਸੁਰੱਖਿਆ ਵੀ ਕਰਦੇ ਹਨ।
ਸਾਥੀਓ, ਛੋਟੇ-ਛੋਟੇ ਯਤਨਾਂ ਨਾਲ ਕਿਸ ਤਰ੍ਹਾਂ ਵੱਡੀ ਸਫਲਤਾ ਮਿਲਦੀ ਹੈ, ਇਸ ਦੀ ਇਕ ਉਦਾਹਰਣ ਅਸਮ ਦੀ ਇਤਿਸ਼ਾ ਵੀ ਹੈ। ਇਤਿਸ਼ਾ ਦੀ ਪੜ੍ਹਾਈ-ਲਿਖਾਈ ਦਿੱਲੀ ਅਤੇ ਪੂਣੇ ਵਿੱਚ ਹੋਈ ਹੈ। ਇਤਿਸ਼ਾ ਕਾਰਪੋਰੇਟ ਦੁਨੀਆਂ ਦੀ ਚਮਕ-ਦਮਕ ਛੱਡ ਕੇ ਅਰੁਣਾਚਲ ਦੀ ਸਾਂਗਤੀ ਘਾਟੀ ਨੂੰ ਸਾਫ ਬਣਾਉਣ ਵਿੱਚ ਜੁਟੀ ਹੈ। ਸੈਲਾਨੀਆਂ ਦੀ ਵਜ੍ਹਾ ਨਾਲ ਉੱਥੇ ਕਾਫੀ ਪਲਾਸਟਿਕ ਵੇਸਟ ਜਮ੍ਹਾਂ ਹੋਣ ਲਗਾ ਸੀ। ਉੱਥੋਂ ਦੀ ਨਦੀ, ਜਿਹੜੀ ਕਦੇ ਸਾਫ ਸੀ, ਉਹ ਪਲਾਸਟਿਕ ਵੇਸਟ ਦੀ ਵਜ੍ਹਾ ਨਾਲ ਪ੍ਰਦੂਸ਼ਿਤ ਹੋ ਗਈ ਸੀ। ਇਸ ਨੂੰ ਸਾਫ ਕਰਨ ਲਈ ਇਤਿਸ਼ਾ ਸਥਾਨਕ ਲੋਕਾਂ ਦੇ ਨਾਲ ਮਿਲ ਕੇ ਕੰਮ ਕਰ ਰਹੀ ਹੈ। ਉਨ੍ਹਾਂ ਦੇ ਗਰੁੱਪ ਦੇ ਲੋਕ ਉੱਥੇ ਆਉਣ ਵਾਲੇ ਟੂਰਿਸਟਾਂ ਨੂੰ ਜਾਗਰੂਕ ਕਰਦੇ ਹਨ ਅਤੇ ਪਲਾਸਟਿਕ ਵੇਸਟ ਨੂੰ ਇਕੱਠਾ ਕਰਨ ਲਈ ਪੂਰੀ ਘਾਟੀ ਵਿੱਚ ਬਾਂਸ ਨਾਲ ਬਣੇ ਕੂੜੇਦਾਨ ਲਗਾਉਂਦੇ ਹਨ।
ਸਾਥੀਓ, ਅਜਿਹੇ ਯਤਨਾਂ ਨਾਲ ਭਾਰਤ ਦੇ ਸਵੱਛਤਾ ਅਭਿਆਨ ਨੂੰ ਗਤੀ ਮਿਲਦੀ ਹੈ। ਇਹ ਨਿਰੰਤਰ ਚਲਦੇ ਰਹਿਣ ਵਾਲਾ ਅਭਿਆਨ ਹੈ। ਤੁਹਾਡੇ ਆਲੇ-ਦੁਆਲੇ ਵੀ ਅਜਿਹਾ ਜ਼ਰੂਰ ਹੁੰਦਾ ਹੀ ਹੋਵੇਗਾ। ਤੁਸੀਂ ਮੈਨੂੰ ਅਜਿਹੇ ਯਤਨਾਂ ਦੇ ਬਾਰੇ ਵਿੱਚ ਜ਼ਰੂਰ ਲਿਖਦੇ ਰਹੋ।
ਸਾਥੀਓ, ‘ਮਨ ਕੀ ਬਾਤ’ ਦੇ ਇਸ ਐਪੀਸੋਡ ਵਿੱਚ ਫਿਲਹਾਲ ਇੰਨਾ ਹੀ। ਮੈਨੂੰ ਤਾਂ ਪੂਰੇ ਮਹੀਨੇ ਤੁਹਾਡੀਆਂ ਪ੍ਰਤੀਕਿਰਿਆਵਾਂ, ਚਿੱਠੀਆਂ ਅਤੇ ਸੁਝਾਵਾਂ ਦਾ ਖੂਬ ਇੰਤਜ਼ਾਰ ਰਹਿੰਦਾ ਹੈ। ਹਰ ਮਹੀਨੇ ਆਉਣ ਵਾਲੇ ਤੁਹਾਡੇ ਸੁਨੇਹੇ ਮੈਨੂੰ ਹੋਰ ਬਿਹਤਰ ਕਰਨ ਦੀ ਪ੍ਰੇਰਣਾ ਦਿੰਦੇ ਹਨ। ਅਗਲੇ ਮਹੀਨੇ ਅਸੀਂ ਫਿਰ ਮਿਲਾਂਗੇ ‘ਮਨ ਕੀ ਬਾਤ’ ਦੇ ਇਕ ਹੋਰ ਅੰਕ ਵਿੱਚ – ਦੇਸ਼ ਅਤੇ ਦੇਸ਼ ਵਾਸੀਆਂ ਦੀਆਂ ਨਵੀਆਂ ਉਪਲਬਧੀਆਂ ਦੇ ਨਾਲ। ਤਦ ਤੱਕ ਦੇ ਲਈ, ਸਾਰੇ ਦੇਸ਼ ਵਾਸੀਆਂ ਨੂੰ ਮੇਰੀਆਂ ਢੇਰ ਸਾਰੀਆਂ ਸ਼ੁਭਕਾਮਨਾਵਾਂ। ਬਹੁਤ-ਬਹੁਤ ਧੰਨਵਾਦ।