55ਵੇਂ ਭਾਰਤੀ ਅੰਤਰਰਾਸ਼ਟਰੀ ਫਿਲਮ ਮਹੋਤਸਵ (ਇਫੀ) ਵਿੱਚ ਅੱਜ ਦੱਖਣੀ ਏਸ਼ੀਆ ਦੇ ਪ੍ਰਮੁੱਖ ਫਿਲਮ ਬਜ਼ਾਰਾਂ ਵਿੱਚੋਂ ਇੱਕ ਫਿਲਮ ਬਜ਼ਾਰ ਦੇ 18ਵੇਂ ਐਡੀਸ਼ਨ ਦੀ ਸ਼ਾਨਦਾਰ ਸ਼ੁਰੂਆਤ ਹੋਈ। ਇਫੀ ਦਾ ਇੱਕ ਮਹੱਤਵਪੂਰਨ ਸੈੱਗਮੈਂਟ, ਫਿਲਮ ਬਜ਼ਾਰ ਮਹੱਤਵਅਕਾਂਖੀ ਫਿਲਮ ਨਿਰਮਾਤਾਵਾਂ ਅਤੇ ਸਥਾਪਿਤ ਉਦਯੋਗ ਦੇ ਪੇਸ਼ੇਵਰਾਂ ਨੂੰ ਜੁੜਨ, ਸਹਿਯੋਗ ਕਰਨ ਅਤੇ ਸਿਨੇਮਾ ਦੇ ਭਵਿੱਖ ਨੂੰ ਅੱਗੇ ਵਧਾਉਣ ਲਈ ਇੱਕ ਗਤੀਸ਼ੀਲ ਪਲੈਟਫਾਰਮ ਦੀ ਪੇਸ਼ਕਸ਼ ਕਰਦਾ ਹੈ।
ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਵਿੱਚ ਸਕੱਤਰ ਸੰਜੈ ਜਾਜੂ ਨੇ ਇਫੀ ਵਿੱਚ ਫਿਲਮ ਬਜ਼ਾਰ ਦਾ ਉਦਘਾਟਨ ਕਰਦੇ ਹੋਏ ਰਿਕਾਰਡ ਤੋੜ ਰਜਿਸਟ੍ਰੇਸ਼ਨ (1500 ਤੋਂ ਵੱਧ) ਅਤੇ 10 ਤੋਂ ਵੱਧ ਕੰਟਰੀ-ਸਪੈਸੀਫਿਕ ਪਵੇਲੀਅਨਜ਼ ਦੀ ਮੌਜੂਦਗੀ ‘ਤੇ ਚਾਨਣਾ ਪਾਇਆ। ਉਨ੍ਹਾਂ ਨੇ ਕਿਹਾ, ‘ਇਹ ਭਵਿੱਖ ਦੇ ਫਿਲਮਮੇਕਰਸ ਨੂੰ ਵਿਕਸਿਤ ਕਰਨ ਲਈ ਇੱਕ ਅਸਾਧਾਰਣ ਪਲੈਟਫਾਰਮ ਹੈ। ਨਵੇਂ ਵਿਚਾਰਾਂ ਨੂੰ ਪੇਸ਼ ਕਰਨ ਤੋਂ ਲੈ ਕੇ ਸੌਦੇ ਹਾਸਲ ਕਰਨ ਤੱਕ, ਫਿਲਮ ਬਜ਼ਾਰ ਇੰਡਸਟਰੀ ਦੇ ਸਾਰੇ ਪੱਧਰਾਂ ‘ਤੇ ਸਕਾਰਾਤਮਕ ਗੱਲਬਾਤ ਨੂੰ ਹੁਲਾਰਾ ਦਿੰਦਾ ਹੈ।’
ਉਨ੍ਹਾਂ ਨੇ ਯੰਗ ਟੈਲੈਂਟ ਨੂੰ ਹੁਲਾਰਾ ਦੇਣ ਲਈ ਇਫੀ ਦੀ ਪ੍ਰਤੀਬੱਧਤਾ ਬਾਰੇ ਵਿਸਤਾਰ ਨਾਲ ਦੱਸਿਆ। ਉਨ੍ਹਾਂ ਨੇ ਕਿਹਾ, “ਇਸ ਵਰ੍ਹੇ ਦਾ ਕ੍ਰਿਏਟਿਵ ਮਾਈਂਡਸ ਆਫ ਟੁਮੌਰੋ (ਸੀਐੱਮਓਟੀ) ਪ੍ਰੋਗਰਾਮ, ਜੋ ਫਿਲਮ ਨਿਰਮਾਣ ਵਿੱਚ ਭਾਰਤ ਦੇ ਸਭ ਤੋਂ ਪ੍ਰਤਿਭਾਸ਼ਾਲੀ ਯੰਗ ਟੈਲੈਂਟਸ ਦੀ ਖੋਜ ਅਤੇ ਪੋਸ਼ਣ ਲਈ ਇੱਕ ਪ੍ਰਕਾਸ਼ ਥੰਮ੍ਹ ਹੈ, ਵਿੱਚ ਕਾਫੀ ਵਿਸਤਾਰ ਕਰਦੇ ਹੋਏ ਇਸ ਵਿੱਚ 100 ਹੋਣਹਾਰ ਵਿਅਕਤੀਆਂ ਦਾ ਸਵਾਗਤ ਕੀਤਾ ਗਿਆ ਹੈ।
ਇਸ ਅਵਸਰ ’ਤੇ 55ਵੇਂ ਇਫੀ ਦੇ ਫੈਸਟੀਵਲ ਡਾਇਰੈਕਟਰ ਸ਼ੇਖਰ ਕਪੂਰ ਨੇ ਫਿਲਮ ਬਜ਼ਾਰ ਨੂੰ ਇੱਕ ਅਜਿਹਾ ਰੋਚਕ ਮੰਚ ਦੱਸਿਆ, ਜਿੱਥੇ ਯੰਗ ਫਿਲਮਮੇਕਰਸ ਆਪਣੇ ਵਿਚਾਰਾਂ ਅਤੇ ਰਚਨਾਵਾਂ ਨੂੰ ਜਨੂੰਨ ਨਾਲ ਪੇਸ਼ ਕਰਦੇ ਹਨ। ਪ੍ਰਸਿੱਧ ਫਿਲਮਮੇਕਰਸ ਨੇ ਕਿਹਾ, “ਫਿਲਮ ਬਜ਼ਾਰ ਯੰਗ ਫਿਲਮਮੇਕਰਸ ਦੀ ਊਰਜਾ ਨਾਲ ਭਰਿਆ ਹੋਇਆ ਹੈ, ਜੋ ਆਪਣੇ ਕੰਮ ਨੂੰ ਬਹੁਤ ਜਨੂਨ ਨਾਲ ਕਰਦੇ ਹਨ। ਮੈਂ ਅਸਲ ਵਿੱਚ ਇੱਥੇ ਆਉਣਾ ਚਾਹੁੰਦਾ ਹਾਂ ਅਤੇ ਉਸ ਜਨੂੰਨ ਨੂੰ ਮਹਿਸੂਸ ਕਰਨਾ ਚਾਹੁੰਦਾ ਹਾਂ।”
ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੇ ਸੰਯੁਕਤ ਸਕੱਤਰ ਅਤੇ ਐੱਨਐੱਫਡੀਸੀ ਦੇ ਐੱਮਡੀ ਪ੍ਰਿਥੁਲ ਕੁਮਾਰ ਨੇ ਔਨਲਾਈਨ ਫਿਲਮ ਬਜ਼ਾਰ ਪਹਿਲ ਦੀ ਸ਼ੁਰੂਆਤ ਦਾ ਐਲਾਨ ਕੀਤਾ। ਉਨ੍ਹਾਂ ਨੇ ਕਿਹਾ ਕਿ ਇਹ ਇਨੋਵੇਟਿਵ ਪਲੈਟਫਾਰਮ ਆਲਮੀ ਖਰੀਦਦਾਰਾਂ ਅਤੇ ਵਿਕ੍ਰੇਤਾਵਾਂ ਲਈ ਇੱਕ ਵਰਚੁਅਲ ਹੱਬ ਦੇ ਰੂਪ ਵਿੱਚ ਕੰਮ ਕਰਦਾ ਹੈ, ਜਿੱਥੇ ਉਹ ਜੁੜ ਸਕਦੇ ਹਨ, ਵਿਚਾਰਾਂ ਦਾ ਅਦਾਨ –ਪ੍ਰਦਾਨ ਕਰ ਸਕਦੇ ਹਨ ਅਤੇ ਸਿਨੇਮਾ ਦੇ ਕਾਰੋਬਾਰ ਨੂੰ ਅੱਗੇ ਵਧਾ ਸਕਦੇ ਹਨ।
ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੇ ਸੰਯੁਕਤ ਸਕੱਤਰ (ਫਿਲਮਸ) ਵਰੰਦਾ ਮਨੋਹਰ ਦੇਸਾਈ (Vrunda Manohar Desai) ਨੇ ਸਹਿ-ਨਿਰਮਾਣ ਬਜ਼ਾਰ(ਕੋ-ਪ੍ਰੋਡਕਸ਼ਨ ਮਾਰਕੀਟ) ਦੇ ਵੇਰਵਿਆਂ ਦਾ ਖੁਲਾਸਾ ਕੀਤਾ, ਜਿਸ ਵਿੱਚ ਸੱਤ ਦੇਸ਼ਾਂ ਦੀਆਂ 21 ਫੀਚਰ ਫਿਲਮਾਂ ਅਤੇ 8 ਵੈੱਬ ਸੀਰੀਜ਼ ਸ਼ਾਮਲ ਹਨ। ਡਿਸਟ੍ਰੀਬਿਊਸ਼ਨ ਅਤੇ ਫੰਡਿੰਗ ਦੀ ਮੰਗ ਕਰਨ ਵਾਲੇ ਫਿਲਮਮੇਕਰਸ ਲਈ ਇੱਕ ਮਹੱਤਵਪੂਰਨ ਸਰੋਤ, ਵਿਊਇੰਗ ਰੂਮ ਨੂੰ ਉਜਾਗਰ ਕਰਦੇ ਹੋਏ, ਉਨ੍ਹਾਂ ਨੇ ਦੱਸਿਆ ਕਿ ਇਸ ਸਾਲ 208 ਫਿਲਮਾਂ ਦੇਖਣ ਲਈ ਉਪਲਬਧ ਹੋਣਗੀਆਂ, ਜਿਨ੍ਹਾਂ ਵਿੱਚ ਫੀਚਰ, ਮੱਧ-ਲੰਬਾਈ ਅਤੇ ਸ਼ੌਰਟ ਫਾਰਮੈਟ ਸ਼ਾਮਲ ਹਨ।
ਇਸ ਪ੍ਰੋਗਰਾਮ ਵਿੱਚ ਫਿਲਮ ਬਜ਼ਾਰ ਦੇ ਸਲਾਹਕਾਰ ਜੈਰੋਮ ਪੈਲਾਰਡ (Jerome Paillard) ਅਤੇ ਭਾਰਤ ਵਿੱਚ ਆਸਟ੍ਰੇਲੀਆ ਦੇ ਡਿਪਟੀ ਹਾਈ ਕਮਿਸ਼ਨਰ ਨਿਕੋਲਸ ਮੈਕਕੈਫ੍ਰੇ ਸਹਿਤ ਕਈ ਵਿਸ਼ੇਸ਼ ਮਹਿਮਾਨਾਂ ਦੀ ਉਪਸਥਿਤੀ ਨੇ ਪ੍ਰੋਗਰਾਮ ਦੀ ਸ਼ੋਭਾ ਵਧਾਈ। ,
ਫਿਲਮ ਬਜ਼ਾਰ ਬਾਰੇ
ਫਿਲਮ ਬਜ਼ਾਰ ਦਾ ਆਯੋਜਨ ਹਰ ਸਾਲ ਪ੍ਰਤਿਸ਼ਠਿਤ ਭਾਰਤੀ ਅੰਤਰਰਾਸ਼ਠਰੀ ਫਿਲਮ ਮਹੋਤਸਵ (ਇਫੀ) ਦੇ ਨਾਲ ਕੀਤਾ ਜਾਂਦਾ ਹੈ। ਇਸ ਸਾਲ ਫਿਲਮ ਬਜ਼ਾਰ 20 ਤੋਂ 24 ਨਵੰਬਰ, 2024 ਤੱਕ ਗੋਆ ਦੇ ਮੈਰਿਯਟ ਰਿਜ਼ੌਰਟ ਵਿੱਚ ਆਯੋਜਿਤ ਕੀਤਾ ਜਾਵੇਗਾ।
2007 ਵਿੱਚ ਆਪਣੀ ਸਥਾਪਨਾ ਤੋਂ ਲੈ ਕੇ, ਫਿਲਮ ਬਜ਼ਾਰ ਦੱਖਣੀ ਏਸ਼ਿਆਈ ਫਿਲਮਾਂ ਅਤੇ ਫਿਲਮ ਨਿਰਮਾਣ ਅਤੇ ਵੰਡ ਵਿੱਚ ਪ੍ਰਤਿਭਾਵਾਂ ਦੀ ਖੋਜ, ਸਮਰਥਨ ਕਰਨ ਅਤੇ ਪ੍ਰਦਰਸ਼ਨ ਕਰਨ ਲਈ ਸਮਰਪਿਤ ਰਿਹਾ ਹੈ। ਬਜ਼ਾਰ ਦੱਖਣੀ ਏਸ਼ਿਆਈ ਖੇਤਰ ਵਿੱਚ ਵਿਸ਼ਵ ਸਿਨੇਮਾ ਦੀ ਵਿਕਰੀ ਦੀ ਸਹੂਲਤ ਵੀ ਪ੍ਰਦਾਨ ਕਰਦਾ ਹੈ, ਜੋ ਕਿ ਰਚਨਾਤਕਮ ਅਤੇ ਵਿੱਤੀ ਸਹਿਯੋਗ ਦੀ ਭਾਲ ਕਰਨ ਵਾਲੇ ਦੱਖਣੀ ਏਸ਼ੀਆਈ ਅਤੇ ਅੰਤਰਰਾਸ਼ਟਰੀ ਫਿਲਮ ਬਣਾਉਣ ਵਾਲਿਆਂ, ਨਿਰਮਾਤਾਵਾਂ, ਵਿਕਰੀ ਏਜੰਟਾਂ, ਅਤੇ ਫੈਸਟੀਵਲ ਪ੍ਰੋਗਰਾਮਰਸ ਲਈ ਇੱਕ ਸੰਯੁਕਤ ਬਿੰਦੂ ਵਜੋਂ ਕੰਮ ਕਰਦਾ ਹੈ। ਪੰਜ ਦਿਨਾਂ ਵਿੱਚ, ਫਿਲਮ ਬਜ਼ਾਰ ਦੱਖਣੀ ਏਸ਼ਿਆਈ ਕੰਟੈਂਟ ਅਤੇ ਪ੍ਰਤਿਭਾ ਨੂੰ ਹੁਲਾਰਾ ਦੇਣ ‘ਤੇ ਧਿਆਨ ਕੇਂਦ੍ਰਿਤ ਕਰੇਗਾ। ਸਹਿ-ਨਿਰਮਾਣ ਬਜ਼ਾਰ ਦਾ ਉਦੇਸ਼ ਵਿਭਿੰਨ ਆਲਮੀ ਕਹਾਣੀਆਂ ਨੂੰ ਸਾਹਮਣੇ ਲਿਆਉਣਾ ਹੈ।